ਸਿਡਨੀ — ਸਿਡਨੀ ਦੇ ਪੱਛਮੀ ਇਲਾਕੇ ਕੈਨਲੀ ਹਾਈਟਸ ਵਿੱਚ ਮੰਗਲਵਾਰ ਰਾਤ ਇੱਕ ਭਿਆਨਕ ਕਥਿਤ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਘਟਨਾ ਨੂੰ ਟਾਰਗੇਟਡ ਹਮਲਾ ਮੰਨਿਆ ਜਾ ਰਿਹਾ ਹੈ।
ਰਿਪੋਰਟਾਂ ਮੁਤਾਬਕ, ਰਾਤ ਲਗਭਗ 8 ਵਜੇ ਕੁਝ ਹਥਿਆਰਬੰਦ ਵਿਅਕਤੀ ਕੈਨਲੀ ਹਾਈਟਸ ਦੇ ਇੱਕ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋਏ ਅਤੇ ਉੱਥੇ ਮੌਜੂਦ ਲੋਕਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਲੋਕਾਂ ਨੇ ਐਮਰਜੈਂਸੀ ਸੇਵਾਵਾਂ ਨੂੰ ਕਾਲਾਂ ਕੀਤੀਆਂ।
ਘਟਨਾ ਤੋਂ ਕਰੀਬ ਅੱਧੇ ਘੰਟੇ ਬਾਅਦ ਲਿਵਰਪੂਲ ਹਸਪਤਾਲ ਵਿੱਚ 28 ਸਾਲਾ ਇੱਕ ਵਿਅਕਤੀ ਨੂੰ ਗੰਭੀਰ ਗੋਲੀ ਲੱਗਣ ਵਾਲੀਆਂ ਸੱਟਾਂ ਨਾਲ ਲਿਆਂਦਾ ਗਿਆ, ਜਿੱਥੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਉਸ ਦੇ ਨਾਲ ਇੱਕ ਹੋਰ 20 ਸਾਲਾ ਵਿਅਕਤੀ ਵੀ ਹਸਪਤਾਲ ਪਹੁੰਚਿਆ ਜਿਸ ਨੂੰ ਕਈ ਗੋਲੀਆਂ ਲੱਗੀਆਂ ਸਨ। ਡਾਕਟਰਾਂ ਮੁਤਾਬਕ ਉਸ ਦੀ ਹਾਲਤ ਇਸ ਵੇਲੇ ਸਥਿਰ ਹੈ।
ਇਸ ਤੋਂ ਲਗਭਗ 10 ਮਿੰਟ ਬਾਅਦ ਦੋ ਹੋਰ ਜ਼ਖ਼ਮੀ ਵਿਅਕਤੀ ਫੇਅਰਫੀਲਡ ਹਸਪਤਾਲ ਪਹੁੰਚੇ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬਾਅਦ ਵਿੱਚ ਰਾਤ 9:50 ਵਜੇ ਇੱਕ 19 ਸਾਲਾ ਨੌਜਵਾਨ ਵੀ ਲਿਵਰਪੂਲ ਹਸਪਤਾਲ ਇਲਾਜ ਲਈ ਪਹੁੰਚਿਆ, ਜਿਸ ਦੀ ਹਾਲਤ ਸਥਿਰ ਦੱਸੀ ਗਈ ਹੈ।
ਨਿਊ ਸਾਊਥ ਵੇਲਜ਼ ਪੁਲਿਸ ਨੇ ਕੈਨਲੀ ਹਾਈਟਸ ਵਾਲੇ ਘਰ ਦੇ ਆਲੇ ਦੁਆਲੇ ਵੱਡਾ ਕਰਾਈਮ ਸੀਨ ਕਾਇਮ ਕਰ ਦਿੱਤਾ ਹੈ। ਫੋਰੈਂਸਿਕ ਟੀਮਾਂ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ CCTV ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ।
ਹੋਮਿਸਾਈਡ ਸਕੁਆਡ ਅਤੇ ਸਥਾਨਕ ਪੁਲਿਸ ਮਿਲ ਕੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਨੇ ਅਜੇ ਤੱਕ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਪਰ ਜਾਂਚਕਰਤਾ ਮੰਨਦੇ ਹਨ ਕਿ ਇਹ ਹਮਲਾ ਯੋਜਨਾਬੱਧ ਹੋ ਸਕਦਾ ਹੈ।
ਪਿਛਲੇ ਕੁਝ ਮਹੀਨਿਆਂ ਤੋਂ ਸਿਡਨੀ ਦੇ ਪੱਛਮੀ ਇਲਾਕਿਆਂ ਵਿੱਚ ਗੈਂਗ ਅਤੇ ਸੰਗਠਿਤ ਅਪਰਾਧ ਨਾਲ ਜੁੜੀਆਂ ਹਿੰਸਕ ਘਟਨਾਵਾਂ ਵਿੱਚ ਵਾਧਾ ਵੇਖਿਆ ਗਿਆ ਹੈ। ਪੁਲਿਸ ਵੱਲੋਂ ਕਈ ਵਾਰ ਚੇਤਾਵਨੀ ਦਿੱਤੀ ਗਈ ਹੈ ਕਿ ਅਜਿਹੀਆਂ ਗਤੀਵਿਧੀਆਂ ਕਮਿਊਨਿਟੀ ਦੀ ਸੁਰੱਖਿਆ ਲਈ ਵੱਡਾ ਖ਼ਤਰਾ ਬਣ ਰਹੀਆਂ ਹਨ। ਇਸ ਤਾਜ਼ਾ ਘਟਨਾ ਨੇ ਇੱਕ ਵਾਰ ਫਿਰ ਸੁਰੱਖਿਆ ਅਤੇ ਗੈਂਗ ਹਿੰਸਾ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ, CCTV ਜਾਂ dashcam footage ਹੋਵੇ ਤਾਂ ਉਹ ਤੁਰੰਤ Crime Stoppers ਨਾਲ ਸੰਪਰਕ ਕਰਨ।