ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮੀ ਖੇਤਰ ‘ਚ ਭਿਆਨਕ ਤੂਫ਼ਾਨ ਕਾਰਨ ਵਿਆਪਕ ਨੁਕਸਾਨ

ਪੱਛਮੀ ਆਸਟ੍ਰੇਲੀਆ ਦੇ ਦੱਖਣ-ਪੱਛਮੀ ਖੇਤਰ ਵਿੱਚ ਇੱਕ ਦੁਰਲੱਭ ਅਤੇ ਤਾਕਤਵਰ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਮੌਸਮ ਵਿਭਾਗ ਮੁਤਾਬਕ ਇਹ ਮੌਸਮੀ ਘਟਨਾ ਲਗਭਗ ਹਰ ਪੰਜ ਸਾਲਾਂ ਵਿੱਚ ਇੱਕ ਵਾਰ ਦੇਖਣ ਨੂੰ ਮਿਲਦੀ ਹੈ।
ਐਤਵਾਰ ਤੋਂ ਸ਼ੁਰੂ ਹੋਏ ਇਸ ਤੂਫ਼ਾਨ ਨੇ ਕਈ ਇਲਾਕਿਆਂ ਵਿੱਚ ਦਰੱਖਤ ਉਖਾੜ ਦਿੱਤੇ, ਬਿਜਲੀ ਦੇ ਖੰਭੇ ਡਾਹ ਦਿੱਤੇ ਅਤੇ ਘਰਾਂ ਅਤੇ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ। ਹਜ਼ਾਰਾਂ ਘਰ ਅਤੇ ਕਾਰੋਬਾਰ ਬਿਜਲੀ ਤੋਂ ਵਾਂਝੇ ਹੋ ਗਏ, ਜਦਕਿ ਕੁਝ ਉਡਾਣਾਂ ਨੂੰ ਮੋੜਨਾ ਵੀ ਪਿਆ।
ਮੌਸਮ ਵਿਭਾਗ ਨੇ ਪੱਛਮੀ ਤੱਟ ਦੇ ਵੱਡੇ ਹਿੱਸੇ ਲਈ ਗੰਭੀਰ ਮੌਸਮੀ ਚੇਤਾਵਨੀ ਜਾਰੀ ਕੀਤੀ ਸੀ ਅਤੇ ਕਿਹਾ ਸੀ ਕਿ ਘੱਟ ਦਬਾਅ ਵਾਲੇ ਸਿਸਟਮ ਨਾਲ ਜੁੜੀਆਂ ਹਵਾਵਾਂ ਵਿਆਪਕ ਤੌਰ ‘ਤੇ ਨੁਕਸਾਨਦਾਇਕ ਅਤੇ ਕਈ ਥਾਵਾਂ ‘ਤੇ ਤਬਾਹਕੁਨ ਸਾਬਤ ਹੋ ਸਕਦੀਆਂ ਹਨ।
ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਸੜਕ ਉੱਤੇ ਝੁਕਿਆ ਬਿਜਲੀ ਦਾ ਖੰਭਾ ਅਤੇ ਇੱਕ ਰਿਹਾਇਸ਼ੀ ਜਾਇਦਾਦ ਵਿੱਚ ਤੂਫ਼ਾਨੀ ਹਵਾਵਾਂ ਕਾਰਨ ਸਵਿਮਿੰਗ ਪੂਲ ਵਿੱਚ ਡਿੱਗਿਆ ਵੱਡਾ ਸ਼ੈੱਡ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਤੂਫ਼ਾਨ ਦੀ ਤਾਕਤ ਅਤੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।
ਕਈ ਵਸਨੀਕਾਂ ਨੇ ਬਿਜਲੀ ਅਤੇ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਹੋਣ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਗੱਲ ਦੱਸੀ ਹੈ। ਕੁਝ ਵਿਦਿਆਰਥੀਆਂ ਨੇ ਵੀ ਦੱਸਿਆ ਕਿ ਇਮਤਿਹਾਨਾਂ ਤੋਂ ਪਹਿਲਾਂ ਦੀ ਤਿਆਰੀ ਦੌਰਾਨ ਬਿਜਲੀ ਬੰਦ ਹੋਣ ਅਤੇ ਮੋਬਾਈਲ ਡਾਟਾ ਕਮਜ਼ੋਰ ਹੋਣ ਕਾਰਨ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋਈ।
ਐਮਰਜੈਂਸੀ ਸੇਵਾਵਾਂ ਅਤੇ ਬਿਜਲੀ ਕੰਪਨੀਆਂ ਪ੍ਰਭਾਵਿਤ ਖੇਤਰਾਂ ਵਿੱਚ ਨੁਕਸਾਨ ਦਾ ਮੁਲਾਂਕਣ ਕਰਨ ਅਤੇ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਲੋਕਾਂ ਨੂੰ ਡਿੱਗੀਆਂ ਬਿਜਲੀ ਲਾਈਨਾਂ ਅਤੇ ਤੂਫ਼ਾਨ ਨਾਲ ਨੁਕਸਾਨੀ ਢਾਂਚਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ।

Leave a Reply

Your email address will not be published. Required fields are marked *