ਵੀਅਤਨਾਮ ਵੱਲੋਂ ਲੋੜੀਂਦੀ ਮਹਿਲਾ ਨੂੰ ਆਸਟ੍ਰੇਲੀਆ ਤੋਂ ਹਵਾਲੇ ਕੀਤਾ ਗਿਆ

ਸਿਡਨੀ — ਆਸਟ੍ਰੇਲੀਆਈ ਫੈਡਰਲ ਪੁਲਿਸ (AFP) ਵੱਲੋਂ ਇੱਕ 67 ਸਾਲਾ ਵੀਅਤਨਾਮੀ ਮਹਿਲਾ ਨੂੰ ਵੀਅਤਨਾਮ ਹਵਾਲੇ ਕੀਤਾ ਗਿਆ ਹੈ, ਜਿਸ ’ਤੇ ਵੀਅਤਨਾਮ ਵਿੱਚ ਕਥਿਤ ਤੌਰ ’ਤੇ ਧੋਖਾਧੜੀ ਰਾਹੀਂ ਜਾਇਦਾਦ ਹੜਪਣ ਦੇ ਦੋਸ਼ ਹਨ। ਇਹ ਆਸਟ੍ਰੇਲੀਆ ਤੋਂ ਵੀਅਤਨਾਮ ਲਈ ਪਹਿਲਾ ਅਧਿਕਾਰਿਕ ਐਕਸਟ੍ਰਡੀਸ਼ਨ ਮਾਮਲਾ ਮੰਨਿਆ ਜਾ ਰਿਹਾ ਹੈ।
AFP ਦੇ Fugitive Apprehension Strike Team (FAST) ਨੇ ਇਸ ਮਹਿਲਾ ਦੀ ਜਾਂਚ ਉਸ ਵੇਲੇ ਸ਼ੁਰੂ ਕੀਤੀ ਜਦੋਂ ਆਸਟ੍ਰੇਲੀਆ ਸਰਕਾਰ ਨੂੰ ਵੀਅਤਨਾਮੀ ਅਧਿਕਾਰੀਆਂ ਵੱਲੋਂ ਉਸਦੀ ਹਵਾਲਗੀ ਲਈ ਬੇਨਤੀ ਮਿਲੀ। ਜਾਂਚ ਦੌਰਾਨ AUSTRAC ਅਤੇ Fintel Alliance ਦੀ ਮਦਦ ਨਾਲ AFP ਨੇ ਮਹਿਲਾ ਦੀ ਲੋਕੇਸ਼ਨ ਟ੍ਰੇਸ ਕੀਤੀ।
ਪੁਲਿਸ ਮੁਤਾਬਕ 17 ਦਸੰਬਰ 2024 ਨੂੰ ਮਹਿਲਾ ਨੂੰ ਸਿਡਨੀ ਦੇ Canley Vale ਇਲਾਕੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਸਮੇਂ ਤੋਂ ਉਹ ਹਿਰਾਸਤ ਵਿੱਚ ਸੀ। 15 ਮਈ 2026 ਨੂੰ AFP ਨੇ ਮਹਿਲਾ ਨੂੰ ਵੀਅਤਨਾਮ ਦੇ Ministry of Public Security ਦੇ ਅਧਿਕਾਰੀਆਂ ਦੇ ਹਵਾਲੇ ਕੀਤਾ, ਜਿਨ੍ਹਾਂ ਨੇ ਉਸ ਨੂੰ ਫਲਾਈਟ ਰਾਹੀਂ ਵੀਅਤਨਾਮ ਲੈ ਜਾਇਆ।
AFP Acting Assistant Commissioner Kate Ferry ਨੇ ਕਿਹਾ ਕਿ ਆਸਟ੍ਰੇਲੀਆ ਅੰਤਰਰਾਸ਼ਟਰੀ ਭਗੌੜਿਆਂ ਲਈ ਸੁਰੱਖਿਅਤ ਠਿਕਾਣਾ ਨਹੀਂ ਬਣੇਗਾ। ਉਨ੍ਹਾਂ ਕਿਹਾ ਕਿ FAST ਟੀਮ ਦੇਸ਼ੀ ਅਤੇ ਵਿਦੇਸ਼ੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਕਥਿਤ ਅਪਰਾਧੀਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਸਾਹਮਣੇ ਲਿਆਉਣ ਲਈ ਕੰਮ ਕਰਦੀ ਹੈ।
ਉਨ੍ਹਾਂ ਕਿਹਾ, “AFP ਦੀ ਸਮਰੱਥਾ ਅਤੇ ਸਾਡੇ ਮਜ਼ਬੂਤ ਅੰਤਰਰਾਸ਼ਟਰੀ ਸਬੰਧ ਸਾਨੂੰ ਐਸੇ ਮਾਮਲਿਆਂ ਵਿੱਚ ਮਹੱਤਵਪੂਰਨ ਨਤੀਜੇ ਹਾਸਲ ਕਰਨ ਵਿੱਚ ਮਦਦ ਕਰਦੇ ਹਨ। ਇਹ ਹਵਾਲਗੀ ਆਸਟ੍ਰੇਲੀਆ ਅਤੇ ਵੀਅਤਨਾਮ ਵਿਚਾਲੇ ਕਾਨੂੰਨੀ ਅਤੇ ਸੁਰੱਖਿਆ ਸਹਿਯੋਗ ਲਈ ਇੱਕ ਮਹੱਤਵਪੂਰਨ ਕਦਮ ਹੈ।”
AFP ਨੇ ਦੱਸਿਆ ਕਿ FAST ਯੂਨਿਟ ਦੀ ਸਥਾਪਨਾ ਫਰਵਰੀ 2021 ਵਿੱਚ ਕੀਤੀ ਗਈ ਸੀ। ਇਸ ਟੀਮ ਦਾ ਮਕਸਦ ਵੱਖ-ਵੱਖ ਦੇਸ਼ਾਂ ਦੀ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਆਂ ਨਾਲ ਮਿਲ ਕੇ ਭਗੌੜਿਆਂ ਦੀ ਜਾਂਚ ਕਰਨਾ, ਜਾਣਕਾਰੀ ਸਾਂਝੀ ਕਰਨਾ ਅਤੇ ਸਰਹੱਦ ਪਾਰ ਅਪਰਾਧਾਂ ਨਾਲ ਨਜਿੱਠਣਾ ਹੈ।
ਇਸ ਮਾਮਲੇ ਨੂੰ ਆਸਟ੍ਰੇਲੀਆ ਅਤੇ ਵੀਅਤਨਾਮ ਵਿਚਾਲੇ ਕਾਨੂੰਨੀ ਸਹਿਯੋਗ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਵੀ ਦੇਖਿਆ ਜਾ ਰਿਹਾ ਹੈ। ਵਿਸ਼ਲੇਸ਼ਕਾਂ ਮੁਤਾਬਕ ਇਹ ਕੇਸ ਭਵਿੱਖ ਵਿੱਚ ਦੋਵੇਂ ਦੇਸ਼ਾਂ ਵਿਚਾਲੇ ਹੋਰ ਐਕਸਟ੍ਰਡੀਸ਼ਨ ਅਤੇ ਅੰਤਰਰਾਸ਼ਟਰੀ ਅਪਰਾਧਕ ਜਾਂਚਾਂ ਲਈ ਰਾਹ ਖੋਲ੍ਹ ਸਕਦਾ ਹੈ।
AFP ਨੇ ਇਹ ਵੀ ਜ਼ੋਰ ਦਿੱਤਾ ਕਿ ਸਰਹੱਦਾਂ ਪਾਰ ਅਪਰਾਧਾਂ ਨੂੰ ਰੋਕਣ ਲਈ ਅੰਤਰਰਾਸ਼ਟਰੀ ਸਾਂਝੇਦਾਰੀ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਆਸਟ੍ਰੇਲੀਆ ਆਪਣੀ ਭੂਮਿਕਾ ਨਿਭਾਉਂਦਾ ਰਹੇਗਾ।

Leave a Reply

Your email address will not be published. Required fields are marked *