
ਮਿਲਾਨੋ ਕੋਰਟੀਨਾ ਪੈਰਾਲੰਪਿਕਸ ਤੋਂ ਪਹਿਲਾਂ ਮਾਈਕਲ ਮਿਲਟਨ ਨੂੰ ਵੱਡਾ ਝਟਕਾ, ਸਕੀਇੰਗ ਦੌਰਾਨ ਲੱਗੀ ਸੱਟ
ਆਸਟ੍ਰੇਲੀਆ ਦੇ ਪ੍ਰਸਿੱਧ ਪੈਰਾਲੰਪਿਕ ਦਿੱਗਜ Michael Milton ਨੂੰ ਆਉਣ ਵਾਲੀਆਂ Milano Cortina Paralympics ਤੋਂ ਪਹਿਲਾਂ ਵੱਡਾ ਝਟਕਾ ਲੱਗਿਆ ਹੈ। ਕੋਲੋਰਾਡੋ ਵਿੱਚ ਟ੍ਰੇਨਿੰਗ ਦੌਰਾਨ ਸਕੀਇੰਗ ਕਰਦੇ ਸਮੇਂ ਉਹ ਫਿਸਲ ਗਏ, ਜਿਸ ਕਾਰਨ ਉਨ੍ਹਾਂ ਦੀ ਲੱਤ ਵਿੱਚ ਫ੍ਰੈਕਚਰ ਹੋ ਗਿਆ।
ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਰੀ ਬਲੌਗ ਪੋਸਟ ਮੁਤਾਬਕ, ਟ੍ਰੇਨਿੰਗ ਰਨ ਤੋਂ ਬਾਅਦ ਜਦੋਂ ਉਹ ਢਲਾਣ ਦੇ ਹੇਠਾਂ ਆ ਰਹੇ ਸਨ ਤਾਂ ਬਰਫ਼ ਦੇ ਪਿਸਲਣ ਵਾਲੇ ਹਿੱਸੇ ‘ਤੇ ਸੰਤੁਲਨ ਖੋ ਬੈਠੇ। ਉਹ ਆਪਣੀ ਖੱਬੀ ਲੱਤ ਦੇ ਸਟੰਪ ‘ਤੇ ਜ਼ੋਰ ਨਾਲ ਡਿਗੇ। ਸਕੈਨਾਂ ਵਿੱਚ ਫੀਮਰ ਹੱਡੀ ਦੇ ਗਰਦਨ ਵਾਲੇ ਹਿੱਸੇ ਵਿੱਚ ਛੋਟਾ ਫ੍ਰੈਕਚਰ ਸਾਹਮਣੇ ਆਇਆ ਹੈ।
ਗੌਰਤਲਬ ਹੈ ਕਿ ਮਿਲਟਨ ਦੀ ਖੱਬੀ ਲੱਤ 9 ਸਾਲ ਦੀ ਉਮਰ ਵਿੱਚ ਇੱਕ ਦੁਰਲੱਭ ਅਤੇ ਗੰਭੀਰ ਹੱਡੀ ਦੇ ਕੈਂਸਰ ਕਾਰਨ ਗੋਡੇ ਤੋਂ ਉੱਪਰ ਕੱਟਣੀ ਪਈ ਸੀ। ਇਸ ਵੇਲੇ ਉਨ੍ਹਾਂ ਦੀ ਡਾਕਟਰੀ ਜਾਂਚ ਜਾਰੀ ਹੈ ਅਤੇ ਸਰਜਰੀ ਦੀ ਸੰਭਾਵਨਾ ਵੀ ਨਕਾਰ ਨਹੀਂ ਕੀਤੀ ਗਈ।
ਮਿਲਟਨ ਨੇ ਕਿਹਾ, “ਮੈਂ ਬਹੁਤ ਨਿਰਾਸ਼ ਹਾਂ, ਪਰ 20 ਸਾਲ ਤੋਂ ਵੱਧ ਸਮੇਂ ਤੱਕ ਸਕੀ ਰੇਸਰ ਰਹਿਣ ਦੇ ਨਾਤੇ ਮੈਂ ਖਤਰਿਆਂ ਨੂੰ ਜਾਣਦਾ ਹਾਂ। ਇਸ ਵੇਲੇ ਮੈਂ ਆਰਾਮ ਕਰ ਰਿਹਾ ਹਾਂ, ਇੰਤਜ਼ਾਰ ਕਰ ਰਿਹਾ ਹਾਂ ਅਤੇ ਉਮੀਦ ਕਰ ਰਿਹਾ ਹਾਂ। ਹਾਲਾਂਕਿ ਮੈਂ ਅਜੇ ਕੁਝ ਵੀ ਰੱਦ ਨਹੀਂ ਕੀਤਾ।”
Paralympics Australia ਵੱਲੋਂ ਉਨ੍ਹਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਆਸਟ੍ਰੇਲੀਆਈ ਪੈਰਾਲੰਪਿਕ ਟੀਮ ਦੇ ਸ਼ੈਫ਼ ਡੇ ਮਿਸ਼ਨ Ben Troy ਨੇ ਕਿਹਾ ਕਿ ਮਿਲਟਨ ਨੇ ਪੰਜ ਵੱਖ-ਵੱਖ ਪੈਰਾ ਐਲਪਾਈਨ ਸਕੀਇੰਗ ਇਵੈਂਟਾਂ ਲਈ ਯੋਗਤਾ ਹਾਸਲ ਕਰਨ ਵਾਸਤੇ ਦੋ ਮਹਾਂਦੀਪਾਂ ਵਿੱਚ ਦੌੜਾਂ ਲਗਾਈਆਂ ਅਤੇ ਅਦਭੁਤ ਹੌਂਸਲਾ ਦਿਖਾਇਆ ਹੈ। ਉਨ੍ਹਾਂ ਨੇ ਕਿਹਾ ਕਿ ਟੀਮ ਮਿਲਟਨ ਨੂੰ ਪੂਰਾ ਸਮਾਂ ਅਤੇ ਸਮਰਥਨ ਦੇਵੇਗੀ।
ਆਸਟ੍ਰੇਲੀਆਈ ਪੈਰਾ ਐਲਪਾਈਨ ਸਕੀਇੰਗ ਟੀਮ ਦਾ ਐਲਾਨ 27 ਫਰਵਰੀ ਨੂੰ ਇਟਲੀ ਦੇ ਡੋਬਿਆਕੋ ਵਿੱਚ ਕੀਤਾ ਜਾਣਾ ਹੈ, ਜਿਸਦਾ ਲਾਈਵ ਪ੍ਰਸਾਰਣ ਪੈਰਾਲੰਪਿਕਸ ਆਸਟ੍ਰੇਲੀਆ ਦੇ ਯੂਟਿਊਬ ਚੈਨਲ ‘ਤੇ ਹੋਵੇਗਾ।
ਮਿਲਟਨ ਆਸਟ੍ਰੇਲੀਆ ਦੇ ਸਭ ਤੋਂ ਸਫਲ ਪੈਰਾਲੰਪਿਕ ਖਿਡਾਰੀਆਂ ਵਿੱਚੋਂ ਇੱਕ ਹਨ ਅਤੇ 20 ਸਾਲ ਪਹਿਲਾਂ ਰਿਟਾਇਰਮੈਂਟ ਤੋਂ ਬਾਅਦ ਹੁਣ ਮੁੜ ਵਾਪਸੀ ਦੀ ਕੋਸ਼ਿਸ਼ ਕਰ ਰਹੇ ਸਨ।