ਕੈਨਬਰਾ ਦੇ ਸਿੱਖਾਂ ਲਈ ਇਤਿਹਾਸਕ ਜਿੱਤ: ਸਰਕਾਰੀ ਸਕੂਲਾਂ ਵਿੱਚ ਪੰਜ ਕਕਾਰ ਪਹਿਨਣ ਦੀ ਕਾਨੂੰਨੀ ਇਜਾਜ਼ਤ
ਕੈਨਬਰਾ, 29 ਮਈ 2025 | ਰਿਪੋਰਟ: OzVuePunjabi
ਕੈਨਬਰਾ ਦੀ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀ ਵਾਸਤੇ ਅੱਜ ਦਾ ਦਿਨ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਣ ਯੋਗ ਬਣ ਗਿਆ ਹੈ। ਕੈਨਬਰਾ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਿੱਖ ਵਿਦਿਆਰਥੀਆਂ ਨੂੰ ਆਪਣੇ ਧਾਰਮਿਕ ਕਕਾਰ (ਕੇਸ, ਕੜਾ, ਕਿਰਪਾਨ, ਕਛੈਰਾ, ਕੰਘਾ) ਪਹਿਨਣ ਦਾ ਕਾਨੂੰਨੀ ਹੱਕ ਦੇਣ ਵਾਲੀ ਨਵੀਂ ਪਾਲਿਸੀ ਅੱਜ ਰਸਮੀ ਤੌਰ ‘ਤੇ ਜਾਰੀ ਕੀਤੀ ਗਈ।
ਇਹ ਨਵਾਂ ਕਦਮ ਆਸਟਰੇਲੀਆ ਦੀ ਰਾਜਧਾਨੀ ਵਿੱਚ ਧਾਰਮਿਕ ਆਜ਼ਾਦੀ ਅਤੇ ਵਿਭਿੰਨਤਾ ਵੱਲ ਇੱਕ ਵੱਡੀ ਪੇਸ਼ਕਦਮੀ ਮੰਨੀ ਜਾ ਰਹੀ ਹੈ।
ਪਾਲਿਸੀ ਦਾ ਰਸਮੀ ਐਲਾਨ
ਇਹ ਇਤਿਹਾਸਕ ਪਾਲਿਸੀ ਅੱਜ ਡੈਨਮੈੱਨ ਪ੍ਰਾਸਪੈਕਟ ਵਿਖੇ ਇਕ ਰਸਮੀ ਸਮਾਗਮ ਦੌਰਾਨ ਜਾਰੀ ਕੀਤੀ ਗਈ। ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਗੁਰਦੁਆਰਾ ਕਮੇਟੀ ਦੇ ਮੁੱਖ ਸੇਵਾਦਾਰਾਂ ਨੂੰ ਇਹ ਪਾਲਿਸੀ ਸੌਂਪੀ। ਸਮਾਗਮ ਦੌਰਾਨ ਕੈਨਬਰਾ ਦੀ ਸਿੱਖ ਸੰਗਤ, ਗੁਰਦੁਆਰਾ ਕਮੇਟੀ ਦੇ ਸੇਵਾਦਾਰ, ਸਿੱਖ ਮਾਪੇ, ਅਤੇ ਸੰਗਤ ਨੇ ਹਾਜ਼ਰੀ ਭਰੀ।
ਸਿੱਖ ਧਰਮ ਦੀ ਪਛਾਣ ਨੂੰ ਕਾਨੂੰਨੀ ਸੁਰੱਖਿਆ
ਇਸ ਪਾਲਿਸੀ ਤਹਿਤ ਹੁਣ ਕੋਈ ਵੀ ਸਰਕਾਰੀ ਸਕੂਲ ਕੈਨਬਰਾ ਵਿੱਚ ਸਿੱਖ ਵਿਦਿਆਰਥੀਆਂ ਨੂੰ ਆਪਣੇ ਪੰਜ ਕਕਾਰ ਪਹਿਨਣ ਤੋਂ ਰੋਕ ਨਹੀਂ ਸਕੇਗਾ। ਇਹ ਸਿੱਖ ਧਰਮ ਦੀ ਪਛਾਣ ਨੂੰ ਨਾ ਸਿਰਫ਼ ਮਾਨਤਾ ਦਿੰਦੀ ਹੈ, ਸਗੋਂ ਵਿਦਿਆਰਥੀਆਂ ਨੂੰ ਆਪਣੀ ਆਸਤਿਕਤਾ ਅਤੇ ਪਹਿਚਾਣ ਨੂੰ ਇਮਾਨਦਾਰੀ ਨਾਲ ਜੀਣ ਦਾ ਬਲ ਵੀ ਦਿੰਦੀ ਹੈ।
ਸਿੱਖ ਸੰਗਤ ਦੀ ਪ੍ਰਤੀਕਿਰਿਆ
ਕੈਨਬਰਾ ਸਮੇਤ ਇਲਾਕੇ ਦੀਆਂ ਸੰਗਤਾਂ ਨੇ ਗੁਰੂਦੁਆਰਾ ਕਮੇਟੀ ਦੇ ਇਸ ਕਦਮ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ ਅਤੇ ਸਿੱਖਿਆ ਵਿਭਾਗ, ਅਧਿਕਾਰੀਆਂ, ਅਤੇ ਸਹਿਯੋਗੀ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਕਦਮ ਚੁੱਕਣ ਵਿੱਚ ਆਪਣੀ ਭੂਮਿਕਾ ਨਿਭਾਈ।
ਇਹ ਮਾਮਲਾ ਸਿੱਖ ਸੰਗਤ ਵੱਲੋਂ ਲੰਬੇ ਸਮੇਂ ਤੋਂ ਚੁੱਕੀ ਜਾ ਰਹੀ ਮੰਗ ਸੀ ਅਤੇ ਅੱਜ ਇਹ ਮਿਹਨਤ ਰੰਗ ਲੈ ਆਈ।
ਹੋਰ ਜਾਣਕਾਰੀ ਅਤੇ ਪਾਲਿਸੀ ਦੀ ਪ੍ਰਾਪਤੀ
ਇਸ ਪਾਲਿਸੀ ਦੀਆਂ ਕਾਪੀਆਂ ਕੈਨਬਰਾ ਦੇ ਸਾਰੇ ਸਕੂਲਾਂ ਵਿੱਚ ਭੇਜੀਆਂ ਜਾਣਗੀਆਂ ਅਤੇ ਇਹ ਕੈਨਬਰਾ ਗੁਰੂਘਰ ਤੋਂ ਵੀ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਜੇਕਰ ਕਿਸੇ ਨੂੰ ਹੋਰ ਜਾਣਕਾਰੀ ਦੀ ਲੋੜ ਹੋਵੇ, ਤਾਂ ਉਹ ਗੁਰਦੁਆਰਾ ਕਮੇਟੀ ਜਾਂ ਸਿੱਖਿਆ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ।
ਰਿਪੋਰਟਿੰਗ: ਪਰਮਦੀਪ ਸਿੰਘ ਨਰੈਣ
ਪਲੇਟਫਾਰਮ: OzVue