‘ਟਿੱਬਿਆਂ ਦੇ ਪੁੱਤ’ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ

‘ਟਿੱਬਿਆਂ ਦੇ ਪੁੱਤ’
ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਤੀਜੀ ਬਰਸੀ: ਯਾਦਾਂ, ਦਰਦ ਤੇ ਇਨਸਾਫ ਦੀ ਉਡੀਕ

ਅੱਜ 29 ਮਈ, 2025 ਨੂੰ ਪ੍ਰਸਿੱਧ ਪੰਜਾਬੀ ਗਾਇਕ ਅਤੇ ਲੇਖਕ ਸ਼ੁਭਦੀਪ ਸਿੰਘ ਸਿੱਧੂ, ਜੋ ਦੁਨੀਆ ਭਰ ਵਿੱਚ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਹਨ, ਦੀ ਤੀਜੀ ਬਰਸੀ ਮਨਾਈ ਜਾ ਰਹੀ ਹੈ। 29 ਮਈ 2022 ਨੂੰ ਮਾਨਸਾ ਵਿਖੇ ਗੋਲੀਆਂ ਮਾਰ ਕੇ ਕੀਤੀ ਗਈ ਉਸਦੀ ਹੱਤਿਆ ਨੇ ਸਿਰਫ ਪੰਜਾਬ ਹੀ ਨਹੀਂ, ਸਗੋਂ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਮੂਸੇਵਾਲਾ ਦੀ ਬਰਸੀ ਮੌਕੇ, ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਵੱਲੋਂ ਪਿੰਡ ਮੂਸਾ ਵਿਖੇ ਇੱਕ ਸਰਲ ਤੇ ਆਤਮਿਕ ਸਮਾਗਮ ਰੱਖਿਆ ਗਿਆ ਹੈ, ਜਿਸ ਵਿਚ ਸਹਿਜ ਪਾਠ ਦਾ ਭੋਗ ਪਾਇਆ ਜਾ ਰਿਹਾ ਹੈ। ਇਹ ਸਮਾਗਮ ਹਰ ਸਾਲ ਬਰਸੀ ‘ਤੇ ਬਿਨਾਂ ਕਿਸੇ ਚਮਕ-ਦਮਕ ਦੇ ਕੀਤਾ ਜਾਂਦਾ ਹੈ।

ਬਲਕੌਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਲਿਖਿਆ ਕਿ “ਮੈਂ ਹੁਣ ਉਹ ਇਨਸਾਨ ਨਹੀਂ ਜੋ ਤਿੰਨ ਸਾਲ ਪਹਿਲਾਂ ਸੀ। ਇਨ੍ਹਾਂ ਸਾਲਾਂ ਨੇ ਮੈਨੂੰ ਬਹੁਤ ਕੁਝ ਸਿਖਾ ਦਿੱਤਾ।” ਇਹ ਸ਼ਬਦ ਉਹਨਾ ਦੇ ਦਰਦ, ਹੌਸਲੇ ਅਤੇ ਪੁੱਤਰ ਦੀ ਯਾਦ ਨੂੰ ਬਿਆਨ ਕਰਦੇ ਹਨ।

ਮੂਸੇਵਾਲਾ ਸਿਰਫ ਇੱਕ ਗਾਇਕ ਨਹੀਂ ਸੀ — ਉਹ ਇੱਕ ਅੰਦੋਲਨ ਸੀ। ਉਸ ਦੀ ਆਵਾਜ਼ ਵਿੱਚ ਜੁਨੂਨ ਸੀ, ਜੋ ਨੌਜਵਾਨਾਂ ਨੂੰ ਆਪਣੇ ਹੱਕਾਂ ਲਈ ਲੜਨ ਦੀ ਪ੍ਰੇਰਣਾ ਦਿੰਦੀ ਸੀ। ਹਾਲ ਹੀ ਵਿੱਚ ਰੈਪਰ ਐਮੀਵੇ ਬੰਟਾਈ ਨੇ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ “Dogar” ਗੀਤ ਦੀ ਰੀਮੇਕ ਰਾਹੀਂ ਆਪਣੇ ਜਜ਼ਬਾਤ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ, “ਮੂਸੇਵਾਲਾ ਇੱਕ ਕਲਾਕਾਰ ਨਹੀਂ, ਇੱਕ ਮੂਵਮੈਂਟ ਸੀ।”

ਹਾਲਾਂਕਿ, ਇਹ ਸ਼ਰਧਾਂਜਲੀ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਐਮੀਵੇ ਬੰਟਾਈ ਨੂੰ ਇੱਕ ਕ੍ਰੋੜ ਰੁਪਏ ਦੀ ਵਸੂਲੀ ਅਤੇ ਮੌਤ ਦੀ ਧਮਕੀ ਮਿਲੀ, ਜਿਸ ਦੇ ਪਿੱਛੇ ਗੋਲਡੀ ਬਰਾੜ ਦਾ ਨਾਂ ਆ ਰਿਹਾ ਹੈ — ਉਹੀ ਗੋਲਡੀ ਜੋ ਮੂਸੇਵਾਲਾ ਦੀ ਹੱਤਿਆ ਦੇਸ ਪਾਰ ਬੈਠ ਕੇ ਕਰਵਾਉਣ ਵਾਲਾ ਦੱਸਿਆ ਜਾਂਦਾ ਹੈ।

ਸਿੱਧੂ ਮੂਸੇਵਾਲਾ ਅੱਜ ਭਾਵੇਂ ਸਾਡੇ ਵਿਚ ਨਹੀਂ, ਪਰ ਉਸ ਦੀ ਆਵਾਜ਼, ਉਸਦੇ ਗੀਤ, ਅਤੇ ਉਸਦੀ ਸੋਚ ਅਜੇ ਵੀ ਹਰ ਪੰਜਾਬੀ ਦੇ ਦਿਲ ਵਿੱਚ ਜਿਊੰਦਾ ਹੈ। ਬਰਸੀ ਦੇ ਇਸ ਮੌਕੇ, ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੱਚ ਦੀ ਲੜਾਈ ਹਾਲੇ ਜਾਰੀ ਹੈ। ਸਿੱਧੂ ਮੂਸੇਵਾਲਾ ਸਦਾ ਜ਼ਿੰਦਾਬਾਦ।

Leave a Reply

Your email address will not be published. Required fields are marked *