ਡੇਵਿਡ ਸਮਿਥ ਨੇ ਬੀਨ ਸੀਟ ‘ਤੇ ਨਜ਼ਦੀਕੀ ਮੁਕਾਬਲੇ ਵਿੱਚ ਜਿੱਤ ਦਰਜ ਕੀਤੀ
ਕੈਨਬਰਾ ‘ਚ ਲੇਬਰ ਪਾਰਟੀ ਲਈ ਵੱਡੀ ਰਾਹਤ ਪਰ ਚੇਤਾਵਨੀ ਭਰਿਆ ਸੰਕੇਤ
ਏ ਸੀ ਟੀ — ਲੇਬਰ ਪਾਰਟੀ ਦੇ ਉਮੀਦਵਾਰ ਡੇਵਿਡ ਸਮਿਥ ਨੇ ਕੈਨਬਰਾ ਦੀ ਬੀਨ ਸੀਟ ‘ਤੇ ਆਪਣੀ ਤੀਜੀ ਲਗਾਤਾਰ ਜਿੱਤ ਦਰਜ ਕਰ ਲਈ ਹੈ। ਉਨ੍ਹਾਂ ਨੇ ਸੁਤੰਤਰ ਉਮੀਦਵਾਰ ਜੈਸੀ ਪ੍ਰਾਈਸ ਨੂੰ ਕੇਵਲ 183 ਵੋਟਾਂ ਦੇ ਨਜ਼ਦੀਕੀ ਅੰਤਰ ਨਾਲ ਹਰਾਇਆ।
ਅੰਤਿਮ ਗਿਣਤੀ ਅਨੁਸਾਰ, ਡੇਵਿਡ ਸਮਿਥ ਨੇ 50.09 ਫੀਸਦੀ ਦੋ-ਉਮੀਦਵਾਰ ਪਸੰਦ ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਜੈਕੀ ਪ੍ਰਾਈਸ ਨੇ 49.91 ਫੀਸਦੀ ਵੋਟਾਂ ਨਾਲ ਕਾਫ਼ੀ ਮੁਕਾਬਲਾ ਦਿੱਤਾ। ਪ੍ਰਾਈਸ ਨੇ 26.6 ਫੀਸਦੀ ਪ੍ਰਾਇਮਰੀ ਵੋਟਾਂ ਨਾਲ ਆਪਣੀ ਪਹੁੰਚ ਮਜ਼ਬੂਤ ਬਣਾਈ, ਜਿਸ ਵਿੱਚ ਲਿਬਰਲ ਪਾਰਟੀ ਤੋਂ 6.6 ਫੀਸਦੀ ਵੋਟਾਂ ਦਾ ਝੁਕਾਅ ਵੀ ਸ਼ਾਮਲ ਸੀ।
■ ਇਹ ਨਤੀਜਾ ਲੇਬਰ ਪਾਰਟੀ ਲਈ ਇੱਕ ਵੱਡੀ ਰਾਹਤ ਤਾਂ ਹੈ, ਪਰ ਇੱਕ ਚੇਤਾਵਨੀ ਵੀ ਕਿ ਜੋ ਸੀਟਾਂ ਪਹਿਲਾਂ ਮਜ਼ਬੂਤ ਮੰਨੀਆਂ ਜਾਂਦੀਆਂ ਸਨ, ਉਹ ਹੁਣ ਮੁਕਾਬਲੇ ਵਾਲੀਆਂ ਬਣਦੀਆਂ ਜਾ ਰਹੀਆਂ ਹਨ।
ਡੇਵਿਡ ਸਮਿਥ ਨੇ ਪਹਿਲੀ ਵਾਰੀ 2019 ਵਿੱਚ ਬੀਨ ਸੀਟ ਜਿੱਤੀ ਸੀ ਅਤੇ 2022 ਵਿੱਚ ਦੁਬਾਰਾ ਚੁਣੇ ਗਏ। ਉਹ 2018 ਤੋਂ 2019 ਤੱਕ ACT ਤੋਂ ਸੈਨੇਟਰ ਵੀ ਰਹੇ ਹਨ। ਆਖਰੀ ਮਿਆਦ ਵਿੱਚ, ਉਹ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਸਰਕਾਰ ਵਿੱਚ ਵਿਪ ਦੀ ਭੂਮਿਕਾ ਨਿਭਾ ਰਹੇ ਸਨ।
ਸਮਿਥ ਨੇ ਜਿੱਤ ਤੋਂ ਬਾਅਦ ਕਿਹਾ, “ਇਹ ਨਤੀਜਾ ਸਾਡੀ ਟੀਮ ਦੀ ਮਹਿਨਤ ਦਾ ਨਤੀਜਾ ਹੈ। ਮੈਂ ਆਪਣੇ ਮਤਦਾਤਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਮੇਰੇ ‘ਤੇ ਭਰੋਸਾ ਰਖਦੇ ਆਏ ਹਨ। ਮੈਂ ਭਵਿੱਖ ਵਿੱਚ ਵੀ ਇਥੇ ਦੀਆਂ ਲੋੜਾਂ ਲਈ ਕੰਮ ਕਰਦਾ ਰਹਾਂਗਾ।”
ਇਸ ਨਤੀਜੇ ਨੇ ਦਰਸਾਇਆ ਹੈ ਕਿ ਭਵਿੱਖ ਵਿੱਚ ਲੇਬਰ ਪਾਰਟੀ ਨੂੰ ਆਪਣੇ ਰਵਾਇਤੀ ਗੜ੍ਹਾਂ ਵਿੱਚ ਹੋਰ ਵਧੇਰੇ ਧਿਆਨ ਦੇਣ ਦੀ ਲੋੜ ਹੋਵੇਗੀ।
ਜ਼ਿਕਰਯੋਗ ਹੈ ਕਿ ਦੋਵੇਂ ਪਾਰਟੀਆਂ ਦੇ ਮੁੱਖ ਨੇਤਾ, ਕੈਨਬਰਾ ਵਿੱਚ ਚੋਣ ਪ੍ਰਚਾਰ ਕਰਨ ਨਹੀਂ ਆਏ। ਇਹਨਾ ਪਾਰਟੀਆ ਦੀ ਏਸੇ ਅਣਦੇਖੀ ਦੇ ਰੋਸ ਵਜੋੰ ਹੀ ਰਾਜਧਾਨੀ ਵਿੱਚ ਆਗੂਆਂ ਅਤੇ ਵੋਟਰਾਂ ਦਾ ਝੁਕਾਅ, ਆਜ਼ਾਦ ਉਮੀਦਵਾਰਾਂ ਵੱਲ ਵਧਿਆ ਹੈ।