ਰਾਜਧਾਨੀ ਕੈਨਬਰਾ ਵਿੱਚਲੇ ਇਲਾਕੇ,
ਏਰਿੰਨਡੇਲ ਵਿੱਚ ਗੱਡੀ ਦੀ ਜਾਂਚ ਦੌਰਾਨ ਵਿਸਫੋਟਕ ਸਮੱਗਰੀ, ਨਸ਼ੀਲੇ ਪਦਾਰਥ, ਅਣਚੱਲੀਆਂ ਗੋਲੀਆਂ ਸਮੇਤ ਹੋਰ ਹਥਿਆਰ ਬਰਾਮਦ
ਵੋਡਨ ਪੁਲਿਸ ਨੇ ਇੱਕ ਚਿੱਟੇ ਰੰਗ ਦੀ ਮਾਜ਼ਦਾ 2 ਗੱਡੀ ਦੀ ਜਾਂਚ ਦੌਰਾਨ ਗੰਭੀਰ ਤੌਰ ‘ਤੇ ਚਿੰਤਾ ਜਨਕ ਸਮੱਗਰੀ ਬਰਾਮਦ ਕੀਤੀ ਹੈ। ਇਹ ਕਾਰਵਾਈ ਕਲ੍ਹ 13 ਅਪ੍ਰੈਲ 2025 ਨੂੰ ਏਰਿੰਨਡੇਲ ਸ਼ਾਪਿੰਗ ਸੈਂਟਰ ਦੇ ਪਾਰਕਿੰਗ ਲਾਟ ਵਿੱਚ ਹੋਈ, ਜਿੱਥੇ ਇੱਕ ਸ਼ੱਕੀ ਗੱਡੀ ਖੜ੍ਹੀ ਸੀ।
ਜਾਂਚ ਦੌਰਾਨ ਪੁਲਿਸ ਨੂੰ ਗੱਡੀ ਵਿਚੋਂ ਲਗਭਗ 260 ਗ੍ਰਾਮ ਮੈੱਥਐਂਫੈਟਾਮੀਨ ਮਿਲੀ, ਜੋ ਕਿ ਲਗਭਗ 2600 ਨਸ਼ੀਲੀਆਂ ਖੁਰਾਕਾਂ ਦੇ ਬਰਾਬਰ ਹੈ। ਇਸ ਤੋਂ ਇਲਾਵਾ ਥੋੜ੍ਹੀ ਮਾਤਰਾ ਵਿੱਚ ਕੋਕੇਨ, ਦੋ ਸ਼ਾਟਗਨ ਕਾਰਤੂਸ, ਦਸ .22 ਕੈਲੀਬਰ ਦੀਆਂ ਗੋਲੀਆਂ, ਇੱਕ ਟੇਜ਼ਰ, ਇੱਕ ਮੱਛੇਟੀ ਅਤੇ ਇੱਕ ਪਾਈਪ ਵਿੱਚ ਭਰਿਆ ਹੋਇਆ ਲਗਭਗ 300 ਗ੍ਰਾਮ ਐਮੋਨੀਮ ਨਾਈਟਰੇਟ (ਬਾਰੂਦ) ਵੀ ਬਰਾਮਦ ਹੋਏ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੁਣ ਤੱਕ ਕਿਸੇ ਵਿਅਕਤੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ ਦੀ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਰੱਖਦੇ ਹੋਣ ਤਾਂ ਕ੍ਰਾਈਮ ਸਟੌਪਰਜ਼ 1800 333 000 ਤੇ ਸੰਪਰਕ ਕਰਨ।