ਭਾਗ ਦੂਜਾ (ਥਾਈਲੈਂਡ ਫੇਰੀ)

ਭਾਗ ਦੂਜਾ (ਥਾਈਲੈਂਡ ਫੇਰੀ)
18 ਮਈ 2024

ਦੋਸਤੋ,
ਜਿਵੇਂ ਕਿ ਤੁਹਾਨੂੰ ਪਹਿਲੀ ਪੋਸਟ ਦੇ ਅੰਤ ਵਿੱਚ ਦੱਸਿਆ ਸੀ 18 ਮਈ ਨੂੰ ਸਵੇਰੇ ਪੰਜ-ਸਵਾ ਪੰਜ ਕੁਆਲਾਲੰਪੁਰ ਅੰਤਰ-ਰਾਸ਼ਟਰੀ ਹਵਾਈ ਅੱਡੇ ਪੁੱਜ ਗਿਆ। ਓਥੇ ਸਾਢੇ ਤਿੰਨ ਕੁ ਘੰਟੇ ਦੀ ਠਹਿਰ ਸੀ, ਸਫਰ ਤੇ ਚੱਲਣ ਤੋਂ ਪਹਿਲਾਂ ਮੈਂ ਸੱਤਰ ਡਾਲਰ
ਦੀ ਫਲਾਈਟ ਅਪਗ੍ਰੇਡ ਕਰਨ ਦੀ ਬੋਲੀ(bid) ਲਾਈ ਸੀ ਜੋ ਏਅਰਲਾਈਨ ਵੱਲੋਂ ਪ੍ਰਵਾਨ ਕਰ ਲਈ ਗਈ ਸੀ। ਜਾਣੀ ਐਥੋਂ ਬੈਂਕਾਕ ਤੱਕ ਦਾ ਸਫ਼ਰ ਬਿਜਨਸ ਕਲਾਸ ਵਿੱਚ, ਜਾਣੀ ਕਿ ਹੁਣ ਬਿਜਨਸ ਕਲਾਸ ਲਾਊੰਜ ਵਿੱਚ ਜਾ ਸਕਦਾ ਸੀ।

 

ਮਲੇਸ਼ੀਆ ਏਅਰਲਾਈਨ ਦੀ ਗੋਲਡਨ ਲਾਊਂਜ
ਸੋ ਬਿਨਾ ਦੇਰੀ ਕੀਤੇ ਪੁੱਛ-ਪੁਛਾ ਕੇ ਮਲੇਸ਼ੀਆ ਏਅਰਲਾਈਨ ਦੀ ਗੋਲਡਨ ਲਾਊਂਜ ਪੁੱਜ ਗਿਆ ਐਥੇ ਬੋਰਡਿੰਗ ਪਾਸ ਦਿਖਾ ਕੇ ਜਦ ਲਾਊੰਜ ਅੰਦਰ ਗਿਆ ਤਾ ਐਨ ਸਾਹਮਣੇ ਦਿਸੇ ਖਾਣੇ ਦੇ ਭੰਡਾਰ, ਜਿਹਨਾ ਉਪਰ ਲੇਬਲ ਲੱਗੇ ਹੋਏ ਸੀ। ਆਪੋ-ਆਪਣੇ ਪਸੰਦ ਮੁਤਾਬਕ ਜੋ ਮਰਜੀ ਤੇ ਜਿੰਨਾ ਮਰਜੀ ਖਾਓ ਪੀਓ। ਨਾਲ ਇਹ ਵੀ ਪਤਾ ਲੱਗਿਆ ਬਈ ਲਾਗੇ ਕਾਊਂਟਰ ਤੇ ਚਿੱਟੇ ਕੱਪੜੇ ਪਾਈਂ ਖੜਾ ਸ਼ੈੱਫ ਤੁਹਾਨੂੰ ਤੁਹਾਡੇ ਦੱਸੇ ਆਰਡਰ ਉਤੇ ਤਾਜੀ ਚੀਜ ਬਣਾ ਕੇ ਪਰੋਸਦਾ ਹੈ। ਆਪਾਂ ਵੀ ਆਡਿਆਂ ਜੀ ਭੁਰਜੀ ਦਾ ਆਰਡਰ ਦੇ ਮਾਰਿਆ ਤੇ ਆ ਕੇ ਟੇਬਲ ਤੇ ਬੈਠ ਗਿਆ। ਮੋਢੇ ਆਲੇ ਝੋਲੇ ਵਿੱਚੋਂ ਗਿੱਲ ਰੌਂਤੇ ਦੀ ਕਿਤਾਬ ਕੱਢ ਫੇਰ ਪੜ੍ਹਨ ਲੱਗ ਪਿਆ।

ਇਹ ਤੀਜਾ ਘੁਮੱਕੜਨਾਮਾ ਹੈ ਜੋ ਮੈ ਪੜ ਰਿਹਾ ਸੀ, ਪਹਿਲਾ ਸੀ ‘ਲੰਡੇ ਚਿੜੇਆਂ ਦੀ ਉਡਾਰੀ’ ਲੇਖਕ ਮਨਜੀਤ ਰਾਜਪੁਰਾ ਜੋ ‘ਚੰਗਿਆੜੇ’ ਦੇ ਨਾਮ ਤੋਂ ਵੀ ਜਾਣਿਆ ਜਾਂਦੈ, ਦੂਸਰਾ ‘ਮੇਰੇ ਹਿੱਸੇ ਦਾ ਲਾਹੌਰ’ ਲੇਖਕ ਬਾਈ ਹਰਕੀਰਤ ਸਿੰਘ ਸੰਧਰ ਸਿਡਨੀ ਦਾ ਸੀ। ਇਹ ਸਭ ਸਾਂਜਾ ਕਰਨ ਦੀ ਪਹਿਲੀ ਕੋਸ਼ਿਸ਼ ਜਾਂ ਕਹਿ ਲਵੋ ਲਿਖਣ ਦਾ ਵਿਚਾਰ/ਮਨ ਏਸੇ ਕਾਰਨ ਬਣਿਆ ਸੋ ਆਪਾਂ ਹੁਣ ਤਸਵੀਰਾਂ, ਨੁਕਤੇ, ਸਥਾਨ ਅਤੇ ਸਮਾ ਇਕੱਠੇ ਕਰਨੇ ਦਾ ਕੰਮ ਸ਼ੁਰੂ ਕੀਤਾ।
ਇਸੇ ਦੋਰਾਨ ਗਿੱਲ ਰੌਂਤੇ ਨੂੰ ਇਨਸਟਾਗ੍ਰਾਮ ਤੇ ਮੈਸੇਜ ਭੇਜਿਆ ਤੇ ਸਬੱਬ ਨਾਲ ਉਹ ਆਨਲਾਈਨ ਹੋਣ ਕਰਕੇ ਸਾਡੀ ਗੱਲ ਹੋ ਗਈ।
ਇਸ ਸਭ ਤੋਂ ਬਾਅਦ ਖਾਣੇ ਦੀ ਪਲੇਟ ਬਿਨ ਕੋਲ ਰੱਖਣ ਵੇਲੇ ਮੇਰੀ ਨਜ਼ਰ ਨੈਪ ਏਰੀਆ ਤੇ ਪਈ, ਸੋਚਿਆ ਜਿਹੜਾ ਸਮਾ ਬਚਿਆ ਹੈ ਉਸ ਵਿੱਚ ਪਿੱਠ ਸਿੱਧੀ ਕਰੀ ਜਾਵੇ।
ਸੋ ਨੈਪ ਏਰੀਆ ਵਿਚ ਜਾ ਕੇ ਇੱਕ ਨਿੱਕੇ ਜਿਹੇ ਨਾਅ ਬਰਾਬਰ ਬੈੱਡ ਤੇ ਪੈ ਗਿਆ, ਪੈਂਦੇ ਸਾਰ ਕਈ ਖਿਆਲ ਦਿਮਾਗ ਵਿਚ ਚੱਲੇ, ਖੈਰ ਚੱਲ ਤਾਂ ਪਹਿਲਾਂ ਵੀ ਕਈ ਦਿਨ ਤੋੰ ਰਹੇ ਸੀ ਬਈ ਤੂੰ ਕੱਲਾ ਘੁੰਮਣ ਆ ਗਿਆ, ਦਰਅਸਲ ਸਫ਼ਰ ਤੇ ਤੁਰਨ ਤੋਂ ਕੁਝ ਦਿਨ ਪਹਿਲਾਂ ਜਗਵੰਤ ਦੇ ਪੇਜ ਜੈਕਨਾਮਾ ਉਤੇ ਉਸਨੇ ਇੱਕ ਪੋਸਟ ਪਾਈ ਜਿਸ ਵਿਚ ਭਾਰਤ ਤੋਂ ਥਾਈਲੈਂਡ ਸਿੱਧੀਆਂ ਉਡਾਣਾ ਤੇ ਪੈਕੇਜ ਬਾਰੇ ਲਿਖਿਆ ਤੇ ਲੋਕਾ ਦੇ ਵਿਚਾਰ ਪੁੱਛੇ, ਇਕ ਕੁਮੈਂਟ ਵਿੱਚ ਅਮਰਿੰਦਰ ਬਰਾੜ ਨੇ ਲਿਖਿਆ “ਥਾਈਲੈਂਡ ਤੋਂ ਵਾਪਸ ਆਉਣ ਬਾਅਦ ਆਂਢ ਗੁਆਂਢ ਟਿੱਚਰਾਂ ਬਹੁਤ ਕਰਦਾ ਬਾਈ ਜੀ”, ਮੈਂ ਕਿਹਾ ਗੱਲ ਤਾਂ ਸਹੀ ਆ, ਦਰਅਸਲ ਵਲੌਗਰਾਂ ਨੇ ਵੀ ਬਹੁਤ ਦਿਖਾਇਆ ਹੋਇਆ ਇਸ ਬਾਰੇ।
ਗਿੱਲ ਰੌੰਤੇ ਦੀ ਕਿਤਾਬ ਵਿੱਚ ਪਾਕਿਸਤਾਨ ਘੁੰਮਣ ਜਾਣ ਉਤੇ ਪਾਸਪੋਰਟ ਤੇ ਮੋਹਰ ਲੱਗਣ ਦਾ ਜਿਕਰ ਆਉਂਦਾ ਏ, ਮਖਿਆ ਇਕ ਮੋਹਰ ਥਾਈਲੈਂਡ ਜਾਣ ਕਾਰਨ ਵੀ ਲੱਗ ਜਾਂਦੀ ਐ, ਅੱਯਾਸ਼ ਹੋਣ ਦੀ। ਇਹ ਸਬ ਸੋਚਦੇ ਕਦੋਂ ਅੱਖ ਲੱਗ ਗਈ ਪਤਾ ਨਈਂ ਚੱਲਿਆ।

8:40 ਉਤੇ ਅਲਾਰਮ ਵੱਜਿਆ ਤੇ ਮੈਂ ਹੱਥ-ਮੂੰਹ ਧੋਅ ਕੇ ਨੌਂ ਵਜੇ ਕੁਆਲਾਲੰਪੁਰ ਤੋਂ ਬੈਂਕਾਕ ਦੀ ਫਲਾਈਟ ਵਿੱਚ ਬੈਠ ਗਿਆ।
ਬਿਜਨਸ ਕਲਾਸ, ਵਾਹ!
ਮਤਲਬ, ਸਬ ਤੋਂ ਪਹਿਲਾਂ ਜਹਾਜ ਵਿੱਚ ਦਾਖਲਾ, ਖੱਲੀ-ਡੁੱਲੀ ਸੀਟ ਤੇ ਲੱਤਾ ਨਿਸਾਲ ਕੇ ਬੈਠਣ ਨੂੰ ਬਟਨ ਦੱਬ ਕੇ ਤਹਾ ਨੂੰ ਕਰ ਲਓ। ਮੇਰੇ ਐਨ ਨਾਲ ਦੀ ਸੀਟ ਖਾਲੀ ਹੋਣ ਕਰਕੇ ਛੇ ਸੀਟਾਂ ਦੇ ਕੈਬਿਨ ਚ ਪੰਜ ਜਣੇ ਬੈਠੇ ਸੀ। ਜਿਉੰ ਹੀ ਜਹਾਜ ਉੱਡਿਆ ਸਾਡੀ ਸੇਵਾ ਪਾਣੀ ਸ਼ੁਰੂ ਹੋ ਗਿਆ। ਐਨੀ ਡ੍ਰਿੰਕ ਫਾਰ ਟੁਡੇ, ਜਹਾਜ ਦੀ ਹੋਸਟੈੱਸ ਨੇੰ ਪੁੱਛਿਆ, ਆਪਾਂ ਐਪਲ ਜੂਸ ਲੈ ਲਿਆ। ਸ਼ਰਾਬ ਮੈਂ ਸਵਾ ਕੁ ਸਾਲ ਤੋਂ ਨਹੀਂ ਪੀ ਰਿਹਾ, ਕਈ ਮੇਰੇ ਜਾਣਕਾਰ ਨਹੀਂ ਜਾਣਦੇ ਬਈ ਮੈਂ ਪਹਿਲਾਂ ਪੀ ਲੈਂਦਾ ਸੀ, ਉਹ ਏਸ ਕਰਕੇ ਕਿ ਇੱਕ ਤਾਂ ਮੈਂ ਜਿਆਦਾਤਰ ਘਰ ਤੋਂ ਬਾਹਰ ਨੀਂ ਸੀ ਪੀਂਦਾ, ਦੂਜਾ ਪੀਂਦਾ ਵੀ ਮਸਾਂ ਇੱਕ ਅੱਧ ਪੈੱਗ, ਸੋ ਛੱਡਣੀ ਬਹੁਤ ਸੌਖੀ ਗੱਲ ਸੀ।
ਖੈਰ ਸਫ਼ਰ ਤੇ ਆਉਦੇ ਹਾਂ, ਕਰੀਬ 10:24 ਤੇ ਜਹਾਜ ਬੈਂਕਾਕ ਉਤਰਿਆ, ਮੈਂ ਇਮੀਗ੍ਰੇਸ਼ਨ ਵੱਲ ਤੁਰ ਪਿਆ ਸੀ, ਆਸਟ੍ਰੇਲੀਆ ਦੇ ਨਾਗਰਿਕ ਹੋਣ ਕਾਰਨ ਥਾਈਲੈਂਡ ਤੁਹਾਨੂੰ 30 ਦਿਨ ਬਿਨਾ ਵੀਜ਼ਾ ਰਹਿਣ ਦੀ ਇਜਾਜ਼ਤ ਦਿੰਦਾ ਹੈ, ਥਾਂ-ਥਾਂ ਲਿਖੇ ‘ਵਿਦੇਸ਼ੀ ਪਾਸਪੋਰਟ ਐਧਰ ਜਾਓ’ ਵਾਲੇ ਨਿਰਦੇਸ਼ ਵੱਲ ਤੁਰੇ ਜਾਂਦਿਆਂ ਮੈਂਨੂੰ ਸੱਜੇ ਪਾਸਿਓ ਇੱਕ ਅਫਸਰ ਦੀ ਆਵਾਜ ਸੁਣੀ, ਕੋਲ ਜਾਣ ਤੇ ਉਸਨੇ ਮੇਰਾ ਪਾਸਪੋਰਟ ਮੰਗਿਆ। ਕਹਿੰਦਾ ‘ਯੂ ਨੀਡ ਵੀਜ਼ਾ’ ਮੈਂ ਪਾਸਪੋਰਟ ਫੜਾ ਦਿੱਤਾ ਤਾਂ ਆਸਟ੍ਰੇਲੀਅਨ ਪਾਸਪੋਰਟ ਦੇਖ ਕੇ ਕਹਿੰਦਾ ‘ਗੋ ਦੇਅਰ’ ਉਸਨੂੰ ਮੇਰੇ ਪੱਗ ਬੰਨ੍ਹੀ ਦੇਖ ਕੇ ਲੱਗਿਆ ਹੋਣਾ ਮੈਂ ਭਾਰਤੀ ਪਾਸਪੋਰਟ ਵਾਲਾ ਹੋਵਾਂਗਾ। ਮੈਂ ਅੱਗੇ ਫਿਰ ਪਹਿਲਾ ਵਾਲੇ ਪਾਸੇ ਤੁਰ ਪਿਆ। ਇੰਮੀਗਰੇਸ਼ਨ ਕਾਊਂਟਰ ਤੇ ਪਹੁੰਚ ਕੇ ਪਾਸਪੋਰਟ ਦਿਖਾਇਆ ਤੇ ਅਫਸਰ ਨੇਂ ਹੱਥ ਦੀਆਂ ਉਂਗਲਾ ਤੇ ਅੰਗੂਠੇ ਦੇ ਨਿਸ਼ਾਨ ਲੈਣ ਉਪਰੰਤ ਪਾਸਪੋਰਟ ਵਾਪਸ ਕਰ ਦਿੱਤਾ। ਅੱਗੇ ਬੈਲਟ ਕੋਲ ਖੜ ਕੇ ਅਟੈਚੀ ਦੀ ਉਡੀਕ ਕਰਨ ਲੱਗਿਆ, ਅਟੈਚੀ ਮਿਲਣ ਤੇ ਦੇਖਿਆ ਬਈ ਜਿੰਦਾ ਖੁੱਲਾ ਪਿਆ ਸੀ, ਛੇਤੀ ਦੇਣੇ ਸਮਾਨ ਚੈੱਕ ਕਰਿਆ ਸਬ ਸਹੀ ਤੇ ਪੂਰਾ ਹੋਣ ਤੇ ਸਾਹ ਵਿੱਚ ਸਾਹ ਆਇਆ।
ਦੋਵੇ ਨਗ ਪੂਰੇ ਕਰ ਕੇ ਬਾਹਰ ਨਿਕਲ ਗਿਆ ਕੁਝ ਸਮਜ ਹੀ ਨਾ ਆਵੇ ਕਿੱਧਰ ਨੂੰ ਜਾਵਾਂ, ਮੇਰੀ ਅਗਲੀ ਫਲਾਈਟ ਦੁਪਹਿਰ 3:20 ਤੇ ਡੌਨ ਮਿਆਂਗ ਇੰਟਰਨੈਸ਼ਨਲ (Don Mueang International) ਹਵਾਈ ਅੱਡੇ ਤੋਂ ਸੀ ਜੋ ਇਸ ਹਵਾਈ ਅੱਡੇ (Suvarnabhumi Airport) ਤੋਂ ਕਰੀਬ ਇੱਕ ਘੰਟੇ ਦੀ ਵਾਟ ਤੇ ਸੀ। ਹਵਾਈ ਅੱਡੇ ਦੀ ਜਾਣਕਾਰੀ( Airport information) ਵਾਲੇ ਕਰਮਚਾਰੀ ਤੋਂ ਪਤਾ ਲੱਗਿਆ ਬਈ ਦਰਵਾਜ਼ਾ ਨੰਬਰ ਤਿੰਨ (Door No3) ਦੇ ਬਾਹਰ ਮੁਫ਼ਤ ਸ਼ਟਲ ਬੱਸ ਜਾਂਦੀ ਐ, ਮੈਂ ਤਿੰਨ ਨੰਬਰ ਦਰਵਾਜ਼ੇ ਤੋਂ ਬਾਹਰ ਜਾ ਕੇ ਸੱਜੇ ਪਾਸੇ ਬਣੇ ਕਾਊਂਟਰ ਤੇ ਆਪਣਾ ਬੋਰਡਿੰਗ ਪਾਸ ਤੇ ਅਗਲੀ ਫਲਾਈਟ ਦੀ ਟਿਕਟ ਦਿਖਾਲੇ। ਉਹਨਾ ਮੇਰਾ ਨਾਮ ਤੇ ਹੋਰ ਵੇਰਵੇ ਨੋਟ ਕਰ ਕੇ ਇੱਕ ਚਿੱਟੇ ਰੰਗ ਦਾ ਸਟਿੱਕਰ ਜਿਸ ਉਪਰ ਨੀਲੇ ਰੰਗ ਨਾਲ ਅੰਗ੍ਰੇਜੀ ਵਿੱਚ AOT ਲਿਖਿਆ ਹੋਇਆ ਸੀ, ਮੇਰੀ ਕਮੀਜ ਉੱਤੇ ਲਗਾ ਦਿੱਤਾ ਤੇ ਮੈਂਨੂੰ ਨਾਲ ਪਏ ਬੈਂਚ ਉਤੇ ਬੈਠ ਕੇ ਅਗਲੀ ਬੱਸ ਦੀ ਉਡੀਕ ਕਰਨ ਲਈ ਕਿਹਾ। ਕੁਝ ਚਿਰ ਮਗਰੋਂ ਬੱਸ ਆਈ ਤੇ ਮੈਂ ਹੋਰ ਸਵਾਰੀਆਂ ਸਮੇਤ ਅਗਲੇ ਹਵਾਈ ਅੱਡੇ ਵੱਲ ਤੁਰ ਪਏ।

Shuttle Bus Timetable
Shuttle Bus Timetable
Shuttle Bus
Shuttle Bus

ਬੱਸ ਵਿਚ ਖੱਬੇ ਪਾਸੇ ਬੈਠਾ ਮੈਂ ਬਾਹਰ ਦੇਖੀ ਜਾਵਾਂ ਤੇ ਹੈਰਾਨ ਹੋਈ ਜਾਵਾ। ਇਹ ਮੁਲਕ ਜਿਵੇਂ ਦਾ ਸੋਚਿਆ ਸੀ ਵੈਸਾ ਬਿਲਕੁਲ ਨਹੀਂ ਸੀ, ਬਾਹਰ ਬਹੁ ਮੰਜ਼ਿਲੀ ਇਮਾਰਤਾਂ, ਵੱਡੇ ਵੱਡੇ ਸ਼ਾਨਦਾਰ ਬਿੱਲਬੋਰਡ, ਖੁਲੀਆਂ ਡੁੱਲ੍ਹੀਆ ਸੜਕਾਂ ਤੇ ਰਾਹ ਵਿੱਚ ਇੱਕ ਦੋ ਚੂੰਗੀ ਨਾਕੇ(toll tax) ਵੀ ਆਏ। ਕਰੀਬ ਘੰਟੇ ਦੀ ਵਾਟ ਕੱਟ ਕੇ ਬੱਸ ਡੌਨ ਮਿਆਂਗ ਇੰਟਰਨੈਸ਼ਨਲ ਏਅਰਪੋਰਟ ਪੁੱਜ ਗਈ।
ਐਥੋਂ 3:20 ਵਜੇ ਏਅਰ ਏਸ਼ੀਆ ਦੀ ਫ਼ੁਕੇਟ ਵਾਸਤੇ ਫਲਾਈਟ ਲੈਣੀ ਸੀ, ਸੋ ਅੰਦਰ ਦਸ ਨੰਬਰ ਕਾਊਂਟਰ ਤੇ ਚੈੱਕ-ਇਨ ਕਰ ਕੇ ਅਜੇ ਮੈੰ ਸੋਚ ਹੀ ਰਿਹਾ ਸੀ ਦੋ ਘੰਟੇ ਕੀ ਕੀਤਾ ਜਾਵੇ ਕਿ ਅਚਾਨਕ ਖਿਆਲ ਆਇਆ ਚੈੱਕ-ਇਨ ਵੇਲੇ ਗਲਤੀ ਨਾਲ ਲੈਪਟਾਪ ਨਾਲ ਹੀ ਬੈਗ ਵਿਚ ਭੇਜ ਦਿੱਤਾ। ਮੈਂ ਤੁਰੰਤ ਸਟਾਫ਼ ਵੱਲ ਭੱਜ ਕੇ ਗਿਆ ਤੇ ਬੈਗ ਵਾਪਸ ਮੰਗਵਾਉਣ ਲਈ ਕਿਹਾ, ਉਹਨਾ ਮੈਨੂੰ ਨੇੜੇ ਬੈਠਣ ਲਈ ਕਿਹਾ ਤੇ ਕੁਝ ਸਮੇ ਬਾਅਦ ਮੈਨੂੰ ਬੈਗ ਦੀ ਫੋਟੋ ਦਿਖਾ ਕੇ ਪੁੱਛਿਆ, ਇਹੀ ਹੈ? ਹਾਂ ਇਹੀ, ਮੇਰਾ ਬੈਗ ਲੈਣ ਲਈ ਮੇਰੇ ਨਾਲ ਇੱਕ ਜਵਾਕੜੀ ਜਿਹੀ ਭੇਜ ਦਿੱਤੀ, ਉਸ ਦੀ ਅੰਗ੍ਰੇਜੀ ਵਧੀਆ ਨਹੀ ਸੀ ਪਰ ਮੇਰੇ ਪੁੱਛਣ ਉਤੇ ਉਸਨੇ ਕਿਹਾ ਕਾਲਜ ਸਟੂਡੈਂਟ ਹੈ ਤੇ 1 ਮਈ ਤੋਂ ਹਵਾਈ ਅੱਡੇ ਤੇ ਟ੍ਰੇਨਿੰਗ ਕਰ ਰਹੀ ਹੈ। ਅਸੀਂ ਦੋ ਕੁ ਮੰਜ਼ਿਲਾਂ ਹੇਠ ਉਤਰੇ ਤੇ ਫੇਰ ਇੱਕ ਕਾਊਂਟਰ ਕੋਲ ਉਡੀਕ ਕਰਨ ਲੱਗੇ। ਕਰੀਬ ਵੀਹ ਕੁ ਮਿੰਟ ਬਾਅਦ ਇੱਕ ਮੋਟੂ ਜਿਹਾ ਭਾਈ ਬੈਗ ਚੱਕੀਂ ਸਾਡੇ ਵੱਲ ਆਇਆ, ਮੈਂ ਬੈਗ ਲੈ ਕੇ ਦੋਵਾਂ ਦਾ ਧੰਨਵਾਦ ਕੀਤਾ ਤੇ ਕਿਹਾ ਮੈੰ ਇਸ ਨੂੰ ਕੈਬਿਨ ਵਿੱਚ ਹੀ ਲੈ ਜਾਵਾਂਗਾ। ਐਨਾ ਕਹਿ ਕੇ ਨਾਲ ਦੀ ਲਿਫਟ ਵਿੱਚੋਂ ਹੋ ਕੇ ਬੋਰਡਿੰਗ ਗੇਟ ਵੱਲ ਤੁਰ ਪਿਆ।
ਜਹਾਜ ਮਿੱਥੇ ਸਮੇਂ ਤੋਂ ਪੰਜ ਮਿੰਟ ਪਹਿਲਾਂ ਸ਼ਾਮ 4:48 ਕੁ ਵਜੇ ਫ਼ੁਕੇਟ ਹਵਾਈ ਅੱਡੇ ਪੁੱਜ ਗਿਆ, ਮੈਂ ਐਨਾ ਥੱਕ ਗਿਆ ਸੀ ਕਿ ਜਹਾਜ ਵਿੱਚ ਉਡਾਨ ਭਰਨ ਤੇ ਲੈਂਡਿੰਗ ਦਾ ਪਤਾ ਹੀ ਨਈਂ ਚੱਲਿਆ।
ਸੱਚ ਦੱਸਾਂ ਤਾ ਮਨ ਵਿਚ ਇਕੱਲੇ ਹੋਣ ਦਾ ਡਰ ਜਿਹਾ ਸੀ ਜਿਸਦਾ ਇੱਕ ਕਾਰਨ ਹਾਲ ਹੀ ਵਿੱਚ ਆਸਟ੍ਰੇਲੀਆ ਤੋਂ ਮੈਕਸੀਕੋ ਘੁੰਮਣ ਗਏ ਦੋ ਸਕੇ ਭਰਾਵਾਂ ਦੇ ਕਤਲ ਹੋਣ ਦੀ ਖਬਰ ਸੀ।

ਫ਼ੁਕੇਟ
ਥਾਈਲੈਂਡ ਦੇ ਪੱਛਮੀ ਪਾਸੇ, ਅੰਡੇਮਾਨ ਸਮੁੰਦਰ ਵਿੱਚ ਸਥਿਤ ਹੈ, ਆਸਟ੍ਰੇਲੀਆ ਤੋ ਚੱਲਣ ਤੋਂ ਕੁਝ ਦਿਨ ਪਹਿਲਾ ਮੈਂ ਆਪਣੀ ਪੁਰਾਣੀ ਸੁਪਰਵਾਈਜ਼ਰ ਜੋ ਮੂਲ ਤੌਰ ਤੇ ਥਾਈਲੈਂਡ ਤੋਂ ਸੀ ਕੋਲੋਂ ਕੁੱਝ ਜਾਣਕਾਰੀ ਹਾਸਲ ਕਰ ਲਈ ਸੀ ਤੇ ਨਾਲ ਪਹਿਲਾਂ ਫ਼ੁਕੇਟ ਜਾਣ ਦਾ ਫੈਸਲਾ ਵੀ ਇਸੇ ਜਾਣਕਾਰੀ ਅਨੁਸਾਰ ਲਿਆ ਸੀ।

ਹਵਾਈ ਅੱਡੇ ਤੋਂ ਹੋਟਲ
ਫ਼ੁਕੇਟ ਹਵਾਈ ਅੱਡੇ ਤੇ ਸਮਾਨ ਲੈ ਕੇ ਜਿਉੰ ਹੀ ਬਾਹਰ ਆਇਆ ਸਾਹਮਣੇ ਨੀਲੀ ਜਿਹੀ ਵਰਦੀ ਪਾਈ ਕਈ ਏਜੰਟ (ਜਿਆਦਾਤਰ ਔਰਤਾਂ) ਕੈਬ ਜਾ ਕਾਰ ਰੈੰਟ ਦੀ ਪੇਸ਼ਕਸ਼ ਕਰ ਰਹੇ ਸੀ।
ਮੇਰੇ ਹੋਟਲ ਦਾ ਪਤਾ ਪੁੱਛਣ ਤੇ ਕਹਿੰਦੇ 1200 ਬੵਆਤ, “ਹੱਦ ਹੈ, 1200? ਵਿਆਹ ਵੀ ਜਾਣੈ ਆਪਾਂ” ਵਿਆਹ ਵਾਲੀ ਗੱਲ ਅਗਲੀ ਪੋਸਟ ਵਿੱਚ, ਫਿਲਹਾਲ ਜਿਵੇਂ ਮੇਰੀ ਸੁਪਰਵਾਈਜ਼ਰ ਨੇਂ ਦੱਸਿਆ ਸੀ, ਆਪਾਂ ਗਰੈਬ ਐਪ (Grab) ਡਾਉਨਲੋਡ ਕਰੀ ਤੇ ਰਜਿਸਟਰ ਕਰਨ ਤੋਂ ਬਾਅਦ ਹੋਟਲ ਦਾ ਪਤਾ ਭਰ ਕੇ ਦੇਖਿਆ ਤਾਂ ਉਸ ਉਤੇ 703 ਬੵਆਤ ਕੈਸ਼ ਦੀ ਆਪਸ਼ਨ ਆਈ। ਮੈਂ ਝੱੱਟ ਬੁਕਿੰਗ ਕਰ ਲਈ ਤੇ ਐਪ ਦੇ ਮੁਤਾਬਕ ਗਰੈਬ ਪਿਕਅਪ ਏਰੀਆ ਜੋ ਏਅਰਪੋਰਟ ਦੇ ਬਾਹਰ ਸੱਜੇ ਹੱਥ ਕਿਸੇ ਪਿੰਡ ਦੇ ਬੱਸ ਅੱਡੇ ਵਰਗਾ ਸੀ ਤੇ ਜਾ ਖੜਿਆ।
ਕੁਜ ਦਸ ਪੰਦਰਾਂ ਮਿੰਟ ਮਗਰੋਂ ਇੱਕ ਮਰੂਤੀ ਵੈਨ ਜਿਹੀ ਆਈ ਤੇ ਜਿਵੇ ਊਬਰ ਤੁਹਾਨੂੰ ਗੱਡੀ ਅਤੇ ਡਰਾਈਵਰ ਦੀ ਡਿਟੇਲ ਭੇਜਦੀ ਹੈ ਉਸੇ ਤਰਾਂ ਗਰੈਬ ਵੀ ਕੰਮ ਕਰਦੀ ਹੈ, ਸੋ ਗੱਡੀ ਦੀ ਨੰਬਰ ਪਲੇਟ ਥਾਈ ਭਾਸ਼ਾ ਵਿੱਚ ਹੋਣ ਕਾਰਨ ਬੱਸ ਅੱਖਰਾਂ ਦੀ ਬਣਤਰ ਹੀ ਮਿਲਾ ਕੇ ਦੇਖੀ ਤੇ ਨਾਮ ਅਤੇ ਹੋਟਲ ਦਾ ਪਤਾ ਤਸਦੀਕ ਕਰ ਕੇ ਸਮਾਨ ਗੱਡੀ ਵਿਚ ਰੱਖ ਕੇ ਵਿਚਕਾਰ ਦੀ ਸਵਾਰ ਹੋ ਗਿਆ।
ਮੀਂਹ ਐਨਾ ਕਿ ਗੱਡੀ ਮਸਾ ਤੁਰੇ, ਮੈਂ ਡਰਾਈਵਰ ਨਾਲ ਗੱਲ ਸ਼ੁਰੂ ਕਰਨ ਲਈ ਕਿਹਾ ਮੀਂਹ ਬਹੁਤ ਹੈ, ਉਹ ਕਹਿੰਦਾ ਹੁਣ ਸਾਡੇ ਮੁਲਕ ਵਿੱਚ ਮੀਂਹ ਦਾ ਹੀ ਮੌਸਮ ਹੈ। ਗੱਲਾਂ ਬਾਤਾਂ ਕਰਦੇ ਹੋਏ ਉਹਨੇ ਮੈਂਨੂੰ ਦੱਸਿਆ ਕਿ ਹੋਟਲ ਬਹੁਤ ਵਧੀਆ ਤੇ ਸ਼ਹਿਰ ਤੋੰ ਪਾਸੇ ਪਹਾੜੀ ਉਪਰ ਹੈ। ਦਿਨ ਢਲਦੇ ਦਾ ਵੇਲਾ ਸੀ ਤੇ ਰਾਹ ਵਿੱਚ ਪੇਂਡੂ ਜਿਹੇ ਇਲਾਕੇ ਤੇ ਐਨੀ ਹਰਿਆਵਲ ਦੇਖ ਕੇ ਬਹੁਤ ਚੰਗਾ ਲੱਗਿਆ, ਮੀਂਹ ਦਾ ਪਾਣੀ ਵੈਸੇ ਵੀ ਸਭ ਰੁੱਖ ਪੱਤੇ ਨਿਖਾਰ ਦਿੰਦਾ ਹੈ।

ਖੈਰ ਡੇਢ ਕੁ ਘੰਟੇ ਵਿੱਚ ਅਸੀਂ ਪਟੋਂਗ ਬੇਅ ਰਿਜੋਰਟ ਪੁੱਜ ਗਏ। ਰਿਸੈਪਸ਼ਨ ਤੇ ਜਾ ਚੈੱਕ-ਇਨ ਕਰਨ ਵੇਲੇ ਪਤਾ ਲੱਗਿਆ ਕਿ ਮੇਰੀ ਬੁਕਿੰਗ ਦੀ ਹਾਲੇ ਕਨਫਰਮ ਹੀ ਨ੍ਹੀ ਹੋਈ, ਉੱਥੇ ਵੇਟਿੰਗ ਰੂਮ ‘ਚ ਹੀ ਕਰੀਬ ਇੱਕ ਘੰਟਾ ਉਡੀਕ ਕਰ ਕੇ ਰਿਸੈਪਸ਼ਨ ਤੇ ਗਿਆ ਤਾਂ ਕਹਿੰਦੇ ਹੋ ਗਈ ਕੰਨਫਰਮੇਸ਼ਨ ਚਲੋ ਸੁੱਖ ਦਾ ਸਾਹ ਆਇਆ। ਸਾਰੀ ਕਾਗਜ਼ੀ ਕਾਰਵਾਈ ਕਰਦਿਆਂ ਸਟਾਫ ਨੇ ਦੱਸਿਆ ਕਿ ਰਿਸੈਪਸ਼ਨ ਤੋਂ ਗੱਡੀ ਕਮਰੇ ਵਿੱਚ ਲੈ ਜਾਵੇਗੀ ਤੇ ਸ਼ਹਿਰ ਜਾਣ ਵਾਸਤੇ ਵੀ ਕਮਰੇ ਤੋਂ ਫੋਨ ਕਰ ਗੱਡੀ ਮੰਗਵਾਉਣੀ ਪੈਣੀ ਹੈ। ਸਤਿ ਵਚਨ ਆਖ ਸਮਾਨ ਲੈ ਗੱਡੀ ਦੀ ਉਡੀਕ ਕਰਨ ਲੱਗਾ। ਗੱਡੀ ਆਈ ਕਹਿ ਲਵੋ ਇੱਕ ਯੂਟ (UTE) ਜਿਸਦੇ ਮਗਰਲੇ ਪਾਸੇ ਟਰੇਅ ਦੇ ਸੱਜੇ-ਖੱਬੇ ਸੀਟਾਂ ਲਾ ਰੱਖੀਆਂ ਤੇ ਉਪਰ ਸਪੋਟਾਂ ਨਾਲ ਲੋਹੇ ਦੀ ਛੱਤ। ਫਿੱਕੀ ਨੀਲੀ ਵਰਦੀ ਪਾਈ ਇੱਕ ਡਰਾਈਵਰ ਬਾਹਰ ਨਿਕਲਿਆ ਜਿਹਦੇ ਹੱਥ ਵਿਚ ਵਾਇਰਲੈੱਸ ਫੜਿਆ ਹੋਇਆ ਸੀ, ਇਸੇ ਤੇ ਹੀ ਸਾਰੇ ਡਰਾਈਵਰਾਂ ਨੂੰ ਸਵਾਰੀਆਂ ਕਮਰੇ ਵਿੱਚ ਛੱਡਣ ਤੇ ਲਿਆਉਣ ਦੇ ਨਿਰਦੇਸ਼ ਮਿਲਦੇ ਸਨ। ਮੈਂ ਸਮਾਨ ਯੂਟ ਤੇ ਲੱਦ ਡਰਾਈਵਰ ਨਾਲ ਕਮਰੇ ਤੱਕ ਪਹੁੰਚ ਗਿਆ। ਜਦ ਕਮਰਾ ਖੋਲ੍ਹ ਕੇ ਦੇਖਿਆ ਤਾਂ ਨਿਰਾਸ਼ਾ ਹੋਈ, ਬਾਥਰੂਮ ਦਾ ਦਰਵਾਜ਼ਾ ਹੇਠੋ ਤਿੜਿਆ ਹੋਇਆ ਸੀ। ਮੈਂ ਤੁਰੰਤ ਡਰਾਈਵਰ ਨੂੰ ਰੋਕ ਉਹ ਦਰਵਾਜ਼ਾ ਦਿਖਾਇਆ ਤੇ ਉਹਨੀ ਪੈਰੀਂ ਵਾਪਸ ਰਿਸੈਪਸ਼ਨ ਤੇ ਆ ਗਿਆ,
ਰਿਸੈਪਸ਼ਨ ਆਲਿਆਂ ਮੇਰੀ ਗੱਲ ਸੁਣ ਕੇ ਕਮਰਾ ਬਦਲ ਦਿੱਤਾ ਅਤੇ ਇੱਕ ਡ੍ਰਿੰਕ ਵਾਊਚਰ ਵੀ ਦਿੱਤਾ। ਅਜੇ ਅਸੀਂ ਬਦਲਵੇਂ ਕਮਰੇ ਅੱਗੇ ਪੁੱਜ ਦਰਵਾਜੇ ਨੂੰ ਕਾਰਡ ਲਾਇਆ ਹੀ ਸੀ ਕਿ ਡਰਾਈਵਰ ਨੂੰ ਵਾਇਰਲੈੱਸ ਤੇ ਕਾਲ ਆਈ, ਉਹ ਕਹਿੰਦਾ ਸਰ ਕਮਰਾ ਫੇਰ ਬਦਲ ਦਿੱਤਾ ਗਿਆ ਹੈ, ਨਵਾਂ ਕਮਰਾ ਇਸ ਨਾਲੋਂ ਵਧੀਆ ਹੈ।
ਦਰਅਸਲ ਮੈਂ ਰਿਸੈਪਸ਼ਨ ਤੇ ਕਿਹਾ ਸੀ ਬਈ ਜੇ ਹੋ ਸਕੇ ਤਾਂ ਵਧੀਆ ਵਿਊ ਆਲਾ ਕਮਰਾ ਦੇ ਦਿਓ ਮੈਂਨੂੰ ਖੱਜਲ ਹੁੰਦਾ ਦੇਖ ਉਹਨਾ ਨੇ ਇਹ ਫੈਸਲਾ ਲਿਆ ਹੋਣਾ। ਖੈਰ ਤੀਜੇ ਕਮਰੇ ਵਿੱਚ ਪੁੱਜ ਕੇ ਦੇਖਿਆ ਤਾਂ ਨਜ਼ਾਰਾ ਵਾਕਈ ਸ਼ਾਨਦਾਰ ਸੀ।

ਸ਼ਹਿਰ ਵੱਲ
ਕਮਰੇ ਵਿੱਚ ਸਮਾਨ ਸਾਂਭ ਕੇ ਰੱਖ ਲਿਆ ਤੇ ਫੇਰ ਸਾਰੇ ਦਿਨ ਦੀ ਫਕਾਵਟ, ਇਕ ਟਾਈਮ ਤਾਂ ਲੱਗਿਆ ਕੀ ਗੱਡਾ ਖੜਾ ਸੀ ਇਕੱਲੇ ਪੰਗਾ ਲੈ ਲਿਆ, ਚਲੋ ਤਜਰਬਾ ਹੀ ਸਹੀ, ਕਹਿ ਕੇ ਮਨ ਸਮਝਾਇਆ ਤੇ ਭੁੱਖ ਨਾਲ ਬੁਰਾ ਹਾਲ ਹੋਇਆ ਪਿਆ ਸੀ ਸੋ ਖਾਣਾ ਆਡਰ ਕਰਨ ਲਈ ਮੇਜ ਤੇ ਪਿਆ ਮੈਨਯੂ ਪੜਿਆ, ਕੁੱਝ ਸਮਜ ਨਾ ਲੱਗੀ ਕਿਉੰ ਜੋ ਸਾਰਾ ਦਿਨ ਲਗਾਤਾਰ ਸਫਰ ਨੇ ਭੂਤਨੀ ਭੁਲਾ ਰੱਖੀ ਸੀ, ਹੋਟਲ ਦੀ ਰਿਸੈਪਸ਼ਨ ਵਾਲੇ ਵੀ ਕਹਿੰਦੇ ਹੁਣ ਕਿਚਨ ਬੰਦ ਕਰ ਦਿੱਤੀ ਹੈ ਸੋ ਸ਼ਹਿਰ ਜਾ ਕੇ ਹੀ ਕੁਝ ਖਾਣ ਨੂੰ ਮਿਲ ਸਕਦਾ ਹੈ।
ਕਾਲ ਕਰ ਕੇ ਗੱਡੀ ਮੰਗਵਾਈ ਤੇ ਪੰਜਾਂ ਮਿੰਟਾਂ ਵਿਚ ਗੱਡੀ ਆ ਗਈ ਤੇ ਹੋਟਲ ਦੇ ਮੇਨ ਰਿਸੈਪਸ਼ਨ ਏਰੀਏ ਤੇ ਛੱਡ ਗਈ, ਉਥੇ ਦਸ-ਪੰਦਰਾਂ ਮਿੰਟ ਇੰਤਜ਼ਾਰ ਕਰਨ ਤੋਂ ਬਾਅਦ ਹੋਟਲ ਵਾਲਿਆਂ ਦੀ ਹੀ ਸ਼ਟਲ ਗੱਡੀ ਸ਼ਹਿਰ ‘ਬੰਗਲਾ ਰੋਡ’ ਛੱਡ ਗਈ।

ਬੰਗਲਾ ਰੋਡ
ਜਿਸ ਥਾਂ ਉਤੇ ਸਟਲ ਬੱਸ ਨੇ ਛੱਡਿਆ ਉਥੇ ਖੱਬੇ ਪਾਸੇ ਬੈਰੀਕੇਡ ਲੱਗੇ ਹੋਏ ਸੀ ਤੇ ਬੈਰੀਕੇਡ ਸਾਹਮਣੇ ਬੀਚ ਅਤੇ ਸਮੁੰਦਰ ਦਾ ਨਜ਼ਾਰਾ, ਮੈਂ ਮੁੜ ਕੇ ਸ਼ਹਿਰ ਵੱਲ ਦੇਖਿਆ ਤਾਂ ਟੱਕਰ ਤੇ ਸੜਕ ਜਿਸ ਵੱਲ ਅੰਤਾਂ ਦੀ ਦੁਨੀਆ ਜ ਰਹੀ ਸੀ ਵੱਲ ਤੁਰ ਪਿਆ। ਰਾਹ ਵਿੱਚ ਵੰਨ ਸੁਵੰਨੇ ਲੋਕ ਗਰਮੀਆਂ ਵਾਲੇ ਪਹਿਰਾਵੇ (ਟੀ-ਸਰਟ,ਨਿੱਕਰਾਂ) ਵਿੱਚ ਜਾਂਦੇ ਦਿਖਾਈ ਦਿੱਤੇ। ਵੱਖੋ-ਵੱਖ ਦੁਕਾਨਾਂ ਦੇ ਬਾਹਰ ਪੋਸਟਰ ਜਿਹੇ ਫੜ ਕੇ ਖੜੇ ਲੋਕ, ਜਿਹਨਾ ਵਿੱਚ ਕਈ ਜਗ੍ਹਾ ਅਧਨੰਗੇ ਕੱਪੜੇ ਪਾਈੰ ਤਖਤੀ ਜਿਹੀ ਫੜੀਂ ਖੜੀਆਂ ਔਰਤਾਂ ਦਿਖਾਈ ਦਿੱਤੇ। ਇਹਨਾ ਤਖਤੀਆਂ ਉਪਰ ਵੱਖੋ-ਵੱਖ ਤਰਾਂ ਦੀ ਜਾਣਕਾਰੀ, ਜਿਵੇਂ ਸ਼ਰਾਬ/ਬੀਅਰ ਦੀ ਦੁਕਾਨ ਦੀ ਮਸ਼ਹੂਰੀ, ਖਾਣ-ਪੀਣ ਬਾਰੇ ਜਾਂ ਨੰਗੇ ਨਾਚ ਦੇਖਣ ਆਦਿ ਦੀਆਂ ਗੱਲਾ ਅੰਗ੍ਰੇਜੀ ਵਿੱਚ ਲਿਖੀਆਂ ਹੋਈਆਂ ਸੀ।
ਸਾਰੇ ਰੰਗ ਤਮਾਸ਼ੇ ਦੇਖਦਾ ਮੈਂ ਤੁਰੀਂ ਜਾ ਰਿਹਾ ਸੀ ਬਈ ਕੋਈ ਖਾਣ ਨੂੰ ਜਗਾਹ ਮਿਲੇ, ਜਦ ਤੁਰਿਆ ਜਾਂਦਾ ਸੜਕ ਦੇ ਦੂਸਰੇ ਸਿਰੇ ਤੇ ਪੁੱਜ ਗਿਆ ਤਾਂ ਲੱਗਿਆ ਬਈ ਐਥੇ ਤਾਂ ਸਿਰਫ ਸ਼ਰਾਬ ਤੇ ਸ਼ਬਾਬ ਹੀ ਹੈ ਕਿਤੇ ਹੋਰ ਚੱਲਦੇ ਆਂ, ਰਾਹ ਕੋਈ ਯਾਦ ਨਹੀਂ ਸੀ ਸੋ ਜਿਸ ਪੈਰੀਂ ਆਇਆ ਸੀ ਉਸੇ ਪੈਰੀ ਵਾਪਸ ਹੋ ਤੁਰਿਆ, ਥੋੜਾ ਜਿਹਾ ਅੱਗੇ ਜਾ ਕੇ ਇੱਕ ਛੋਹਰ ਜਿਹਾ ਆ ਕੇ ਅੰਗ੍ਰੇਜੀ ਵਿੱਚ ਕਹਿੰਦਾ ਕੀ ਚਾਹੀਦਾ ਹੈ ਹੈਰੋਇਨ ਜਾਂ ਕੋਕ (ਕੋਕੀਨ) ਮੈਂ ਡੌਰ-ਭੌਰ ਜਿਹਾ ਹੋ ਗਿਆ ਤੇ ਨੋਅ ਕਹਿ ਕੇ ਅੱਗੇ ਵੱਲ ਤੁਰਿਆ ਲਗਭਗ ਅੱਧੀ ਰਾਤ ਹੋਈ ਪਈ ਸੀ ਤੇ ਤੁਰਨ ਦੀ ਹਿੰਮਤ ਜਮਾ ਨਹੀਂ ਸੀ, ਐਨੇ ਨੂੰ ਕੁਝ ਔਰਤਾ ਜੋ ਵੱਖ-ਵੱਖ ਤਖਤੀ ਫੜੀ ਖੜੀਆਂ ਸੀ ਤੇ ਕੋਲੋ ਲੰਘਣ ਲੱਗਿਆ ਤਾਂ ਉਹਨਾਂ ਵਿੱਚੋ ਇੱਕ ਨੇ ਅੱਗੇ ਹੋ ਹੈਲੋ ਕਿਹਾ, ਮੈਂ ਬਿਨਾ ਜਵਾਬ ਦਿੱਤੇ ਜਾਣ ਲੱਗਿਆ ਤਾਂ ਕੰਨਾਂ ਵਿੱਚ ਇੱਕ ਬੇਹੂਦਾ ਜਿਹੀ ਗੱਲ ਪਈ ਤੇ ਮੈਂ ਹੈਰਾਨੀ ਨਾਲ ਉਸ ਵੱਲ ਤੱਕਿਆ, ਐਨੇ ਨੂੰ ਖੱਬੇ ਪਾਸਿਓ ਪੰਜਾਬੀ ਆਵਾਜ਼ ਪਈ, “ਇਹਨਾਂ ਦੀ ਟੈਂਸ਼ਨ ਨਾ ਲਓ, ਇਹਨਾ ਦਾ ਇਹ ਤਰੀਕਾ ਹੁੰਦੈ ਧਿਆਨ ਖਿੱਚਣ ਦਾ।” ਜਦ ਦੇਖਿਆ ਤਾਂ ਖੱਬੇ ਪਾਸੇ ਇੱਕ ਬੰਦਾ ਹੱਥ ਵਿੱਚ ਕੁੱਝ ਪਰਚੇ ਜਿਹੇ ਫੜੀਂ ਖੜਾ ਸੀ, ਮੈਂ ਨੇੜੇ ਗਿਆ ਤਾਂ ਕਹਿੰਦਾ “ਵੇਸਵਾ (ਉਸ ਨੇ ਕੋਈ ਹੋਰ ਸ਼ਬਦ ਵਰਤਿਆ) ਦੀ ਟਿੱਚਰ ਦਾ ਗੁੱਸਾ ਨੀਂ ਕਰਨਾ, ਇਹ ਜਾਣ ਬੁੱਝ ਕੇ ਐਸੀ ਗੱਲ ਬੋਲਦੀਆਂ ਨੇਂ, ਦੱਸੋ ਕੀ ਸੇਵਾ ਕਰੀਏ।” ਮੈਂ ਕਿਹਾ ਰੋਟੀ ਦਾ ਪ੍ਰਬੰਧ ਹੋ ਸਕਦੈ ਤਾਂ ਉਹ ਕਹਿੰਦਾ “ਆਹ ਨਾਲ ਹੀ ਤਾਂ ਆਪਣਾ ਢਾਬਾ ਐ,” ਨਾਲ ਲਗਦੀ ਤੰਗ ਜਿਹੀ ਬੀਹੀ ਵੱਲ ਇਸ਼ਾਰਾ ਸੀ।
ਮੈਂ ਉਹਦੇ ਮਗਰ ਤੁਰ ਪਿਆ ਤੇ ਦੇਸੀ ਢਾਬੇ ਤੇ ਰੋਟੀ ਖਾਧੀ, ਤੇ ਵਾਪਸ ਉਸੇ ਥਾਂ ਜਾ ਕੇ ਉਸ ਬਾਈ ਦਾ ਧੰਨਵਾਦ ਕੀਤਾ ਤਾਂ ਉਹ ਕਹਿੰਦਾ ਹੋਰ ਸੇਵਾ ਦੱਸੋ, ਮੈ ਆਖਿਆ ਦਾਹੜੀ ਮੁੰਨਣ ਵਾਲੇ ਨਾਈ ਦੀ ਦੁਕਾਨ ਹੈ ਨੇੜੇ ਕੋਈ, ਉਹ ਕਹਿੰਦਾ, “ਬੁੱਢੀ ਤੋਂ ਕਟਵਾ ਦੇਈਏ।” ਉਸਦਾ ਭਾਵ ਔਰਤ ਤੋਂ ਸੀ, ਮੈਂਨੂੰ ਇਸ ਗੱਲ ਤੋਂ ਅੰਦਾਜਾ ਹੋ ਗਿਆ ਬਈ ਓਹ ਵੀਰ ਪੰਜਾਬ ਦੇ ਕਿਸ ਇਲਾਕੇ ਤੋਂ ਹੋ ਸਕਦਾ ਹੈ, ਮੈਂ ਜਵਾਬ ਦਿੱਤਾ ਨਹੀਂ ਜੀ ਕੋਈ ਲਾਲਚ ਨਹੀਂ ਕੋਈ ਵੀ ਵਾਜਬ ਜਿਹਾ ਹੋਵੇ, ਉਸਨੇ ਨਾਲ ਹੀ ਦੋ ਕੁ ਦੁਕਾਨਾਂ ਛੱਡ ਕੇ ਸੱਜੇ ਮੁੜਨ ਨੂੰ ਕਿਹਾ।
ਲਓ ਜੀ ਨਾਈ ਨੇਂ ਦਾਹੜੀ ਕੱਟਣ ਦੇ 500 ਬੵਆਤ ਲਏ ਤੇ ਮੈਂ ਵਾਪਸ ਓਸੇ ਰਾਹ ਆ ਕੇ ਬੈਰੀਕੇਡ ਕੋਲ ਖੜ ਗਿਆ ਤੇ ਇੱਕ ਟੈਕਸੀ ਵਾਲੇ ਨੂੰ ਹੋਟਲ ਜਾਣ ਬਾਰੇ ਪੁੱਛਿਆ, ਉਸਨੇ ਕਾਫੀ ਮਹਿੰਗਾ ਰੇਟ ਦੱਸਿਆ ਤੇ ਕਿਹਾ ਕਿ ਜੇ ਕੱਲੀ ਸਵਾਰੀ ਹੋ ਤਾਂ ਸਕੂਟਰ ਸਸਤਾ ਪਵੇਗਾ। ਹੁਣ ਪੰਗਾ ਇਹ ਬਈ ਟੈਕਸੀ ਵਾਲੇ ਤਾਂ ਕੁੱਝ ਟੁੱਟੀ ਭੱਜੀ ਅੰਗ੍ਰੇਜੀ ਜਾਣਦੇ ਨੇਂ ਪਰ ਸਕੂਟਰ ਆਲੇ ਨੂੰ ਤਾਂ ਮਸਾਂ ਦੋ ਚਾਰ ਅੱਖਰ ਹੀ ਆਉਂਦੇ ਸੋ ਇੱਕ ਨੂੰ ਰੋਕ ਹੋਟਲ ਦਾ ਪਤਾ ਦੱਸਿਆ ਤਾਂ ਪਹਿਲਾਂ ਤਾਂ ਸਮਝਿਆ ਹੀ ਮਸਾਂ ਫੇਰ ਕਹਿੰਦਾ 150 ਬੵਆਤ। ਮੈਂ ਕਿਹਾ ਸ਼ੁਕਰ ਹੈ, ਜਿਉੰ ਹੀ ਅਸੀਂ ਤੁਰੇ ਰਾਹ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਉਹ ਪਤੰਦਰ ਚਲਾਵੇ ਵੀ ਅੱਗ ਵਾਂਗ। ਜਦ ਇੱਕ ਹੋਟਲ ਕੋਲ ਰੁਕੇ ਤਾਂ ਕਹਿੰਦਾ ਇਹ ਆ, ਮੈਂ ਕਿਹਾ ਨਹੀਂ ਤੇ ਉਸਨੂੰ ਬੁਕਿੰਗ ਦੀ ਮੇਲ ਨਾਲ ਨੱਥੀ ਨਕਸ਼ਾ ਦਿਖਾਇਆ, ਦੇਖ ਕੇ ਕਹਿੰਦਾ 50 ਬੵਆਤ ਹੋਰ ਲੱਗਣਗੇ ਮੈਂ ਕਿਹਾ ਮੇਰੀ ਕੀ ਗਲਤੀ ਪਰ ਜਿੰਨੀ ਰਾਤ ਹੋ ਗਈ ਸੀ ਬਹਿਸ ਕਰਨ ਦਾ ਮਤਲਬ ਹੋਰ ਸਮਾ ਖਰਾਬ ਕਰਨਾ ਸੀ ਸੋ 20 ਬੵਆਤ ਵੱਧ ਦੇਣ ਦੀ ਗੱਲ ਤੇ ਅਸੀਂ ਹੋਟਲ ਵੱਲ ਤੁਰ ਪਏ। ਹੋਟਲ ਪੁੱਜ ਕੇ ਉਸਦਾ ਧੰਨਵਾਦ ਕੀਤਾ ਤੇ ਯੂਟ ਚ ਬੈਠ ਕਮਰੇ ਵਿੱਚ ਲੰਮੀਆਂ ਤਾਣ ਸੌਂ ਗਿਆ।

ਸੋ ਦੋਸਤੋ, ਇਹ ਸੀ ਮੇਰੇ ਸਫਰ ਦਾ ਦੂਸਰਾ ਦਿਨ, ਤੇ ਛੁੱਟੀ ਦਾ ਪਹਿਲਾ ਜੋ ਬੱਸ ਖੱਜਲ ਖੁਆਰੀ ਤੇ ਕਈ ਸਬਕ ਸਿਖਾ ਗਿਆ। ਅਗਲਾ ਭਾਗ ਛੇਤੀ ਤੁਹਾਡੇ ਰੁਬਰੂ ਕਰਾਂਗਾ, ਧੰਨਵਾਦ।

Leave a Reply

Your email address will not be published. Required fields are marked *