ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਸ ਦੇ ਨਿਊਕੈਸਲ ਦੇ ਬਾਰ ਬੀਚ ਵਿੱਚ ਚੱਲੀ ਗੋਲੀ : 18 ਸਾਲਾ ਏਕਮਪਰੀਤ ਸਾਹਨੀ ਦੀ ਮੌਤ
ਇਕ 18 ਸਾਲਾ ਭਾਰਤੀ-ਆਸਟਰੇਲੀਆਈ ਨੌਜਵਾਨ, ਏਕਮਪਰੀਤ ਸਿੰਘ ਸਾਹਨੀ, ਨਿਊ ਸਾਊਥ ਵੇਲਜ਼ ਦੇ ਨਿਊਕੈਸਲ ਸਥਿਤ ਬਾਰ ਬੀਚ ਦੇ ਕਾਰਪਾਰਕ ਵਿੱਚ ਹੋਈ ਗੋਲੀਬਾਰੀ ਦੌਰਾਨ ਮਾਰੇ ਗਏ। ਇਹ ਘਟਨਾ ਬੁੱਧਵਾਰ ਰਾਤ 11:40 ਵਜੇ ਦੇ ਕਰੀਬ ਵਾਪਰੀ, ਜਦੋਂ ਇੱਕ ਚੋਰੀ ਹੋਈ ਵਾਈਟ ਵੋਲਵੋ SUV ਵਿੱਚੋਂ ਹਥਿਆਰਬੰਦ ਵਿਅਕਤੀ ਉਤਰੇ ਅਤੇ ਉਹਨਾਂ ਵਿੱਚੋਂ ਇੱਕ ਨੇ ਸਾਹਨੀ ਤੇ ਗੋਲੀ ਚਲਾਈ। ਸਾਹਨੀ ਨੂੰ ਪਿੱਠ ਵਿੱਚ ਗੋਲੀ ਲੱਗੀ ਅਤੇ ਉਹ ਮੌਕੇ ‘ਤੇ ਹੀ ਦਮ ਤੋੜ ਗਏ।
ਇਸ ਘਟਨਾ ਤੋਂ ਬਾਅਦ, ਗੱਡੀ ਨੂੰ ਨਿਊਕੈਸਲ ਤੋਂ ਲਗਭਗ 13 ਕਿਲੋਮੀਟਰ ਦੂਰ ਟਿੰਗਿਰਾ ਹਾਈਟਸ ਵਿੱਚ ਲਿਜਾ ਕੇ ਸਾੜ ਦਿੱਤਾ ਗਿਆ ਸੀ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਲਈ ਸਟ੍ਰਾਈਕ ਫੋਰਸ ਬੋਲਵਾਰਾ ਬਣਾਈ ਹੈ, ਜਿਸ ਵਿੱਚ ਸਥਾਨਕ ਡਿਟੈਕਟਿਵ ਅਤੇ ਰਾਜ ਦੀ ਹੋਮੀਸਾਈਡ ਸਕੁਆਡ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਇੱਕ 22 ਸਾਲਾ ਵਿਅਕਤੀ ਨੇ ਘਟਨਾ ਤੋਂ ਲਗਭਗ 26 ਘੰਟੇ ਬਾਅਦ ਆਪਣੇ ਵਕੀਲ ਦੇ ਨਾਲ ਪੁਲਿਸ ਸਟੇਸ਼ਨ ‘ਤੇ ਜਾ ਕੇ ਸਿਰੰਡਰ ਕਰ ਦਿੱਤਾ ਹੈ।
ਪੁੱਛ-ਗਿੱਛ ਦੌਰਾਨ ਇਸ ਵਿਅਕਤੀ ਨੇ ਦੱਸਿਆ ਕਿ ਕਤਲ ਵਿੱਚ ਵਰਤਿਆ ਇਹ ਹਥਿਆਰ ਉਸਨੇ ਇੱਕ ਫਾਰਮ ਤੋਂ ਚੋਰੀ ਕੀਤਾ ਸੀ।
ਪੁਲਸ ਦੇ ਰਿਕਾਰਡ ਵਿੱਚ ਇਹ ਵਿਅਕਤੀ ਇੱਕ ਪੁਰਾਣਾ ਅਪਰਾਧੀ ਹੈ।
ਇਹ ਘਟਨਾ ਨਿਊਕੈਸਲ ਦੀ ਭਾਈਚਾਰਕ ਸੁਰੱਖਿਆ ‘ਤੇ ਗੰਭੀਰ ਸਵਾਲ ਉਠਾਉਂਦੀ ਹੈ ਅਤੇ ਨਾਲ ਹੀ ਇਸ ਘਟਨਾ ਤੋਂ ਭਾਰਤੀ-ਆਸਟਰੇਲੀਆਈ ਭਾਈਚਾਰੇ ਵਿੱਚ ਦੁੱਖ ਅਤੇ ਚਿੰਤਾ ਦੀ ਲਹਿਰ ਦੌੜ ਗਈ ਹੈ।