ਬੋਰਡ ਮੀਟਿੰਗ ਵਿੱਚ RBA ਵੱਲੋਂ ਵਿਆਜ ਦਰ ‘ਚ ਕਟੌਤੀ ਨਾ ਕਰਨ ਦਾ ਫੈਸਲਾ: 6 ਮੈਂਬਰ ਹੱਕ ‘ਚ ਤੇ 3 ਵਿਰੋਧ ਵਿੱਚ

ਕੈਨਬਰਾ, 8 ਜੁਲਾਈ 2025 — ਆਸਟ੍ਰੇਲੀਆ ਦੀ ਰਿਜ਼ਰਵ ਬੈਂਕ (RBA) ਨੇ ਲੋਕਾਂ ਦੀਆਂ ਉਮੀਦਾਂ ਦੇ ਉਲਟ, ਵਿਆਜ ਦਰ ‘ਚ ਕੋਈ ਕਟੌਤੀ ਨਾ ਕਰਦਿਆਂ ਇਸਨੂੰ 3.85% ‘ਤੇ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ 9 ਵਿੱਚੋਂ 6 ਮੈਂਬਰਾਂ ਦੀ ਹਮਾਇਤ ਅਤੇ 3 ਮੈਂਬਰਾਂ ਦੀ ਵਿਰੋਧੀ ਰਾਏ ਨਾਲ ਕੀਤਾ ਗਿਆ।

ਬੋਰਡ ਨੇ ਦੱਸਿਆ ਕਿ ਉਹ ਹੋਰ ਅੰਕੜਿਆਂ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਹ ਪੁਸ਼ਟੀ ਹੋ ਸਕੇ ਕਿ ਮਹਿੰਗਾਈ ਦਰ ਟਿਕਾਊ ਢੰਗ ਨਾਲ 2.5% ਤੇ ਪਹੁੰਚੀ ਹੈ।

ਗਵਰਨਰ ਮਿਸ਼ੈਲ ਬੁਲੋਕ ਦਾ ਬਿਆਨ:

RBA ਦੀ ਗਵਰਨਰ ਮਿਸ਼ੈਲ ਬੁਲੋਕ ਨੇ ਕਿਹਾ ਕਿ ਇਹ ਫੈਸਲਾ ਮੌਜੂਦਾ ਹਾਲਾਤਾਂ ਨੂੰ ਧਿਆਨ ਵਿਚ ਰੱਖਦਿਆਂ ਲਿਆ ਗਿਆ ਹੈ, ਨਾ ਕਿ ਪਾਲਿਸੀ ਦੀ ਦਿਸ਼ਾ ਬਦਲਣ ਲਈ। ਉਨ੍ਹਾਂ ਅਖਿਆ ਕਿ, “ਅਸੀਂ ਸਿਰਫ਼ ਸਮਾਂ ਚਾਹੁੰਦੇ ਹਾਂ — ਜੇ ਅਸੀਂ ਵੇਖਿਆ ਕਿ ਮਹਿੰਗਾਈ ਸਥਿਰ ਢੰਗ ਨਾਲ ਹੇਠਾਂ ਜਾ ਰਹੀ ਹੈ, ਤਾਂ ਅਗਲੇ ਮਹੀਨੇ ਦਰ ਘਟਾਈ ਜਾ ਸਕਦੀ ਹੈ।”

ਮੰਦੇ ਹਾਲਾਤਾਂ ਦੇ ਬਾਵਜੂਦ ਰੋਕ:

ਇਹ ਫੈਸਲਾ ਇਸ ਸਮੇਂ ਆਇਆ ਹੈ ਜਦੋਂ ਆਸਟ੍ਰੇਲੀਆ ‘ਚ ਖਪਤਕਾਰ ਖਰਚ ਘੱਟ ਹੋਇਆ-ਹੋਇਆ ਹੈ ਅਤੇ ਮਹਿੰਗਾਈ ਵੀ ਘੱਟ ਹੋ ਰਹੀ ਹੈ। ਬਾਵਜੂਦ ਇਸਦੇ, RBA ਨੇ ਕਿਹਾ ਕਿ ਉਹ ਮੁੜ ਪੁਸ਼ਟੀ ਕਰਨਾ ਚਾਹੁੰਦੇ ਹਨ ਕਿ ਇਹ ਟਰੈਂਡ ਕਾਇਮ ਰਹੇ।

ਭਵਿੱਖ ਦੀ ਸੰਭਾਵਨਾ:

ਆਰਥਿਕ ਵਿਸ਼ਲੇਸ਼ਕਾਂ ਦੀ ਮਾਨਤਾ ਹੈ ਕਿ ਅਗਸਤ ਜਾਂ ਨਵੰਬਰ ਵਿੱਚ RBA ਵਲੋਂ ਵਿਆਜ ਦਰਾਂ ‘ਚ ਕਟੌਤੀ ਹੋ ਸਕਦੀ ਹੈ, ਜਿਸ ਨਾਲ ਨਵੀਂ ਦਰ 3.1% ਹੋ ਸਕਦੀ ਹੈ।

ਤਾਜ਼ਾ ਅੰਕੜਿਆਂ ਤੇ ਨਜ਼ਰ:

ਆਉਣ ਵਾਲੀ ਤਿਮਾਹੀ ਦੇ ਮਹਿੰਗਾਈ ਅੰਕੜੇ ਹੁਣ RBA ਦੇ ਅਗਲੇ ਕਦਮਾਂ ਲਈ ਨਿਰਣਾਇਕ ਹੋਣਗੇ। ਇਸ ਨਾਲ ਪਤਾ ਲੱਗੇਗਾ ਕਿ, ਕੀ ਅੱਗੇ ਹੋਰ ਕਟੌਤੀਆਂ ਹੋਣਗੀਆਂ ਜਾਂ ਦਰਾਂ ਇਥੇ ਹੀ ਸਥਿਰ ਰਹਿਣਗੀਆਂ।

OzVue Takeaway —

RBA ਵਲੋਂ ਅੱਜ ਦੀ ਰੋਕ ਸਾਵਧਾਨੀ ਪੂਰਨ ਰਵੱਈਆ ਹੈ, ਨਾ ਕਿ ਵਿਆਜ ਦਰਾਂ ਵਿੱਚ ਕਟੌਤੀਆਂ ਦਾ ਅੰਤ।
ਆਰਬੀਏ ਦੀ ਇਹ ਪਹੁੰਚ ਦੱਸਦੀ ਹੈ ਕਿ ਬੈਂਕ ਹਾਲਾਤਾਂ ਨੂੰ ਬੜੀ ਧੀਰਜ ਨਾਲ ਦੇਖ ਰਿਹਾ ਹੈ — ਨਾ ਜਲਦਬਾਜ਼ੀ ਵਿੱਚ ਅਤੇ ਨਾਂ ਹੀ ਰਾਜਨੀਤਿਕ ਦਬਾਅ ਵਿਚ!

3 ਮੈਂਬਰਾਂ ਨੇ ਜਿੱਥੇ ਦਰ ਘਟਾਉਣ ਦੀ ਮੰਗ ਕੀਤੀ, ਉੱਥੇ 6 ਮੈਂਬਰਾਂ ਨੇ ਸਾਵਧਾਨੀ ਨਾਲ ਹੋਰ ਜਾਣਕਾਰੀ ਦੀ ਉਡੀਕ ਕਰਨ ਨੂੰ ਤਰਜੀਹ ਦਿੱਤੀ।
ਬੈਂਕ ਮਹਿੰਗਾਈ ਨੂੰ ਨਿਯੰਤ੍ਰਿਤ ਕਰਨ ਅਤੇ ਆਰਥਿਕ ਮੰਦਹਾਲੀ ਤੋਂ ਬਚਣ ਵਿਚ ਸੰਤੁਲਨ ਬਣਾ ਕੇ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ।
ਘਰੇਲੂ ਖਪਤਕਾਰਾਂ ਲਈ ਇਸਦਾ ਅਰਥ ਇਹ ਹੈ ਕਿ ਰਾਹਤ ਆ ਸਕਦੀ ਹੈ, ਪਰ ਥੋੜ੍ਹਾ ਹੋਰ ਇੰਤਜ਼ਾਰ ਲਾਜ਼ਮੀ ਹੈ।
ਅਗਲੇ ਮਹੀਨੇ ਦੀ ਮਹਿੰਗਾਈ ਰਿਪੋਰਟ ‘ਤੇ ਗੂੜ੍ਹੀ ਨਜ਼ਰ ਰੱਖਿਓ।

Leave a Reply

Your email address will not be published. Required fields are marked *